ਕੇਂਦਰੀ ਫੰਡਾਂ ਦੇ ਆਸਰੇ ਆਪਣੀ ਡੁੱਗ-ਡੁੱਗੀ ਬਜਾ ਰਹੇ ਹਨ ਮੁੱਖ ਮੰਤਰੀ ਮਾਨ : ਅਰਵਿੰਦ ਖੰਨਾ

  • ਕੇਂਦਰ ਤੋਂ ਮਿਲਦੇ ਫੰਡਾਂ ਨੂੰ ਆਪਣੀ ਪ੍ਰਾਪਤੀ ਦੱਸ ਰਹੇ ਹਨ ਭਗਵੰਤ ਮਾਨ: ਖੰਨਾ
  • ਮੁੱਖ ਮੰਤਰੀ ਦਾ ਆਪਣੇ ਹੀ ਮੰਤਰੀਆਂ ਨਾਲ ਨਹੀਂ ਹੈ ਕੋਈ ਤਾਲਮੇਲ: ਖੰਨਾ

ਚੰਡੀਗੜ੍ਹ, 6 ਅਗਸਤ : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਤੋਂ ਮਿਲਣ ਵਾਲੇ ਫੰਡਾਂ ਦੇ ਅਧਾਰ ਤੇ ਹੀ ਆਪਣੀ ਡੁੱਗ-ਡੁੱਗੀ ਬਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਦਾਅਵਾ ਕਰ ਰਹੇ ਹਨ ਕਿ ਉਹ ਕਿਸੇ ਵੀ ਗਰਾਂਟ ਲਈ ਕੇਂਦਰ ਜਾਂ ਕਿਸੇ ਹੋਰ ਅਥਾਰਟੀ ਕੋਲ ਭੀਖ ਮੰਗਣ ਨਹੀਂ ਜਾਣਗੇ ਅਤੇ ਦੂਜੇ ਪਾਸੇ ਉਨ੍ਹਾਂ ਦੀ ਸਰਕਾਰ ਦੇ ਹੀ ਵਿੱਤ ਮੰਤਰੀ  ਬਿਆਨ ਦੇ ਰਹੇ ਹਨ ਕਿ ਉਨ੍ਹਾਂ ਹੜ੍ਹ ਪੀੜ੍ਹਿਤ ਲੋਕਾਂ ਨੂੰ ਆਰਥਿਕ ਸਹਾਇਤਾ ਮੁੱਹਈਆ ਕਰਵਾਉਣ ਲਈ ਕੇਂਦਰ ਤੋਂ ਫੰਡਾਂ ਦੀ ਮੰਗ ਕੀਤੀ ਹੈ। ਸ਼੍ਰੀ ਖੰਨਾ ਨੇ ਕਿਹਾ ਕਿ ਅਜਿਹੀਆਂ ਆਪਾ ਵਿਰੋਧੀ ਕਾਰਵਾਈਆਂ ਸਪੱਸ਼ਟ ਕਰਦੀਆਂ ਹਨ ਕਿ ਮੁੱਖ ਮੰਤਰੀ ਦਾ ਆਪਣੀ ਹੀ ਕੈਬਨਿਟ ਨਾਲ ਕੋਈ ਤਾਲਮੇਲ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਤੋਂ ਮਿਲੀਆਂ ਗ੍ਰਾਂਟਾਂ ਦੇ ਪੈਸੇ ਨੂੰ ਵੰਡ ਕੇ ਆਪਣੀਆਂ ਫੋਟੋ ਇਸ ਢੰਗ ਨਾਲ ਪੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਇਹ ਗ੍ਰਾਂਟ ਪੰਜਾਬ ਸਰਕਾਰ ਨੇ ਦਿੱਤੀ ਹੋਵੇ ਜਦਕਿ ਅਸਲੀਅਤ ਇਹ ਹੈ ਕਿ ਪੰਜਾਬ ਸਰਕਾਰ ਇਸ ਸਮੇਂ ਕੰਗਾਲੀ ਵਾਲੀ ਹਾਲਤ ਨਾਲ ਜੂਝ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਹਧਾਨ ਮੰਤਰੀ ਨਰਿੰਦਰ ਮੋਦੀ ਨੇ ਹਲਕੀ ਰਾਜਨੀਤੀ ਤੋਂ ਪਰ੍ਹੇ ਹਟ ਕੇ ਹਮੇਸ਼ਾ ਦੇਸ਼ ਦੀ ਜਨਤਾ ਦੀ ਭਲਾਈ ਲਈ ਯੌਜਨਾਵਾਂ ਅਮਲ ਵਿੱਚ ਲਿਆਂਦੀਆਂ ਹਨ। ਇਸ ਦੀ ਬਦੌਲਤ ਹੀ ਸੂਬੇ ਵਿੱਚ ਆਏ ਹੜ੍ਹਾਂ ਦੇ ਬਦਲੇ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਲਈ ਆਪਣੇ ਖਜਾਨੇ ਦਾ ਮੂੰਹ ਖੋਲ੍ਹ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਇੰਨ੍ਹਾਂ ਦੇ ਮੰਤਰੀਆਂ ਨੇ ਸਿਰਫ਼ ਪਾਣੀ ਵਿੱਚ ਫੋਟੋਆਂ ਖਿਚਵਾਉਣ ਤੋਂ ਵੱਧ ਹੜ੍ਹ ਪੀੜ੍ਹਿਤਾਂ ਦੀ ਕੋਈ ਮੱਦਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸੱਤਾ ਤੇ ਕਾਬਿਜ਼ ਵਿਅਕਤੀਆਂ ਨੂੰ ਅਜਿਹੀ ਸਸਤੀ ਸ਼ੌਹਰਤ ਲੈਣ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ, ਜਿਸ ਵਿੱਚ ਆਮ ਲੋਕਾਂ ਦੀ ਕੋਈ ਭਲਾਈ ਨਾ ਝਲਕਦੀ ਹੋਵੇ।