ਹਿਮਾਚਲ ਦੀ ਕਾਂਗਰਸ ਸਰਕਾਰ ਵੱਲੋਂ ਚੰਡੀਗੜ੍ਹ ਉੱਪਰ ਦਾਅਵੇ ਦੀਆਂ ਗੱਲਾਂ ਨੂੰ ਸਿਰੇ ਤੋਂ ਖਾਰਿਜ ਕਰਦੀ ਹੈ ਮਾਨ ਸਰਕਾਰ : ਮਲਵਿੰਦਰ ਕੰਗ

  • ਕਾਂਗਰਸ ਅਤੇ ਭਾਜਪਾ ਨੇ ਹਮੇਸ਼ਾ ਪੰਜਾਬ ਨਾਲ ਧੋਖਾ ਕੀਤਾ, ਪਰ ਆਮ ਆਦਮੀ ਪਾਰਟੀ ਸੂਬੇ ਦੇ ਹੱਕਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਸਮਰੱਥ- ਕੰਗ

ਚੰਡੀਗੜ੍ਹ, 1 ਜੁਲਾਈ : ਹਿਮਾਚਲ ਦੀ ਕਾਂਗਰਸ ਸਰਕਾਰ ਦਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਉੱਤੇ ਦਾਅਵਾ ਬੇਤੁਕਾ ਅਤੇ ਸਾਜ਼ਿਸ਼ ਭਰਿਆ ਹੈ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਮਾਨ ਸਰਕਾਰ ਇਸ ਅਖੌਤੀ ਦਾਅਵੇ ਨੂੰ ਸਿਰੇ ਤੋਂ ਖਾਰਜ ਕਰਦੀ ਹੈ। ਅਸੀਂ ਪੰਜਾਬ ਦੇ ਹੱਕਾਂ 'ਤੇ ਕਿਸੇ ਵੱਲੋਂ ਵੀ ਡਾਕਾ ਮਾਰਨ ਦੀ ਕੋਈ ਵੀ ਹਰਕਤ ਬਰਦਾਸ਼ਤ ਨਹੀਂ ਕਰਾਂਗੇ। ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪਾਰਟੀ ਦਫ਼ਤਰ ਤੋਂ ਜਾਰੀ ਆਪਣੇ ਇੱਕ ਬਿਆਨ ਵਿੱਚ 'ਆਪ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਹਿਮਾਚਲ ਦੀ ਕਾਂਗਰਸ ਸਰਕਾਰ ਵੱਲੋਂ ਚੰਡੀਗੜ੍ਹ ਉੱਪਰ ਜਤਾਏ ਜਾ ਰਹੇ ਦਾਅਵੇ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਏ ਚੰਡੀਗੜ੍ਹ ਉੱਤੇ ਸਿਰਫ਼ ਪੰਜਾਬ ਦਾ ਹੱਕ ਹੈ, ਪਰ ਅਫ਼ਸੋਸ ਕਿ ਵੀਹਵੀਂ ਸਦੀ ਦੇ ਸੱਠਵਿਆਂ ਦੌਰਾਨ ਜਿੱਥੇ ਵੇਲੇ ਦੀ ਕੇਂਦਰੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਟੋਟੇ ਕੀਤੇ, ਉੱਥੇ ਚੰਡੀਗੜ੍ਹ 'ਤੇ ਹਰਿਆਣਾ ਦਾ ਹੱਕ ਪੱਕਾ ਕਰ ਪੰਜਾਬ ਨਾਲ ਧੋਖਾ ਵੀ ਕੀਤਾ। ਕੰਗ ਨੇ ਅੱਗੇ ਸਵਾਲ ਕਰਦਿਆਂ ਹਿਮਾਚਲ ਕਾਂਗਰਸ ਦੇ ਇੰਚਾਰਜ ਅਤੇ ਪੰਜਾਬ ਦੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਿਆ ਕਿ ਹਿਮਾਚਲ ਕਾਂਗਰਸ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਸ਼ਾਜਿਸਾਂ ਵਿੱਚ ਕੀ ਉਹ ਵੀ ਸ਼ਾਮਿਲ ਹਨ? ਕੀ ਪ੍ਰਤਾਪ ਬਾਜਵਾ ਇਸ ਮੁੱਦੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨਗੇ? ਕੰਗ ਨੇ ਭਾਜਪਾ ਅਤੇ ਕਾਂਗਰਸ ਉੱਪਰ ਹੱਲਾ ਬੋਲਦਿਆਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੇ ਸਦਾ ਪੰਜਾਬ ਦੇ ਹੱਕਾਂ ਉੱਪਰ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਸੂਬੇ ਦੀ ਮਾਨ ਸਰਕਾਰ ਕਿਸੇ ਨੂੰ ਵੀ ਪੰਜਾਬ ਵੱਲ ਕੈਰੀ ਅੱਖ ਨਾਲ ਝਾਕਣ ਨਹੀਂ ਦੇਵੇਗੀ। ਅਸੀਂ ਪੰਜਾਬੀਆਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਆਮ ਆਦਮੀ ਪਾਰਟੀ ਅਤੇ ਮਾਨ ਸਰਕਾਰ ਪੰਜਾਬ ਦੇ ਹਿੱਤਾਂ 'ਤੇ ਸਦਾ ਡਟਕੇ ਪਹਿਰਾ ਦੇਵੇਗੀ!