ਹਰਸਿਮਰਤ ਬਾਦਲ ਨੇ ਸਕੂਲੀ ਵਿਦਿਆਰਥੀਆਂ ਨੂੰ ਮਿਡ ਡੇਅ ਮੀਲ ਨਾ ਦੇਣ ’ਤੇ ਆਪ ਸਰਕਾਰ ਦੀ ਕੀਤੀ ਨਿਖੇਧੀ.

  • ਸਿੱਖਿਆ ਮੰਤਰੀ ਬਰਖ਼ਾਸਤ ਕੀਤਾ ਜਾਵੇ, ਅੱਧੇ ਸਕੂਲਾਂ ਵਿਚ ਪ੍ਰਿੰਸੀਪਲ ਨਹੀ਼ ਹਨ, ਅਧਿਆਪਕਾਂ ਦੀਆਂ 14000 ਪੋਸਟਾਂ ਭਰੀਆਂ ਜਾਣ: ਹਰਸਿਮਰਤ ਕੌਰ ਬਾਦਲ 

ਚੰਡੀਗੜ੍ਹ, 7 ਜੂਨ : ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਮਿਡ ਡੇਅ ਮੀਲ ਸਕੀਮ ਵਿਚੋਂ ਬਾਹਰ ਕਰਨ ਅਤੇ 2.43 ਲੱਖ ਵਿਦਿਆਰਥੀਆਂ ਨੂੰ ਮਿਡ ਡੇਅ ਮੀਲ ਦੇਣ ਵਿਚ ਅਸਫਲ ਰਹਿਣ ਦੀ ਨਿਖੇਧੀ ਕੀਤੀ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ  ਇਹ ਹੈਰਾਨੀ ਵਾਲੀ ਗੱਲਹੈ  ਕਿ ਜੋ ਸਰਕਾਰ ਆਪਣੇ ਆਪ ਨੂੰ ’ਆਮ ਆਦਮੀ’ ਦੀ ਸਰਕਾਰ ਆਖਦੀ ਹੈ, ਉਹ ਆਮ ਆਦਮੀ ਦੇ ਬੱਚਿਆਂ ਨੂੰ ਭੁੱਖੇ ਮਾਰ ਰਹੀ ਹੈ ਤੇ ਉਹਨਾਂ ਨੂੰ ਪੌਸ਼ਟਿਕ ਭੋਜਨ ਦੇਣ ਤੋਂ ਇਨਕਾਰੀ ਹੈ।  ਉਹਨਾਂ ਮੁੱਖ ਮੰਤਰੀ ਨੂੰ ਆਖਿਆਕਿ  ਉਹ ਤੁਰੰਤ ਮਾਮਲੇ ਦੀ ਘੋਖ ਕਰਨ ਅਤੇ ਇਹ ਮਸਲਾ ਹੱਲ ਕਰਵਾਉਣ। ਉਹਨਾਂ ਕਿਹਾ ਕਿ ਇਹ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਯਕੀਨੀ ਬਣਾਓ ਕਿ ਵਿਦਿਆਰਥੀਆਂ ਨੂੰ ਸਕੂਲ ਵਿਚ ਪੌਸ਼ਟਿਕ ਭੋਜਨ ਮਿਲੇ। ਉਹਨਾਂ ਕਿਹਾ ਕਿ ਅਜਿਹਾ ਨਾ ਕਰਨਾ ਇਸ ਕੁਤਾਹੀ ਲਈ ਜ਼ਿੰਮੇਵਾਰੀ ਤੈਅ ਕਰਨ ਅਤੇ ਸਿੱਖਿਆ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕਰਦਾ ਹੈ। ਸਰਦਾਰਨੀ ਬਾਦਲ ਨੇ ਕਿਹਾ ਕਿ ਮਿਡ ਡੇਅ ਮੀਲ ਸਕੀਮ ਚਲਾਉਣ ਵਿਚ ਵੱਡੀ ਪੱਧਰ ’ਤੇ ਕੁਤਾਹੀਆਂ ਹੋਈਆਂ ਦੱਸੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਵਿਦਿਆਰਥੀਆਂ ਨੂੰ ਫਲੈਕਸੀ ਫੰਡ ਤਹਿਤ ਸਪਲੀਮੈਂਟ ਆਹਾਰ ਵੀ ਨਹੀਂ ਮਿਲ ਰਿਹਾ ਤੇ ਸਰਕਾਰ ਇਸ ਸਕੀਮ ਤਹਿਤ ਅਨਾਜ ਦੀ ਤਜਵੀਜ਼ ਭੇਜਣ ਵਿਚ ਫੇਲ੍ਹ ਰਹੀ ਹੈ। ਉਹਨਾਂ ਕਿਹਾ ਕਿ ਫੂਡ ਸੈਂਪਲਿੰਗ ਵੀ ਪ੍ਰਵਾਨਤ ਲੈਬਾਰਟਰੀਆਂ ਵਿਚ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਇਸ ਤੋਂ ਸੰਕੇਤ ਮਿਲਦਾ ਹੈ ਕਿ ਕਿਵੇਂ ਆਪ ਸਰਕਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੌਸ਼ਟਿਕ ਆਹਾਰ ਦੀ ਲੋੜ ਪ੍ਰਤੀ ਅੱਖਾਂ ਮੀਟ ਕੇ ਬੈਠੀ ਹੈ। ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਜਦੋਂ ਤੋਂ ਆਪ ਸਰਕਾਰ ਨੇ ਸੂਬੇ ਵਿਚ ਵਾਗਡੋਰ ਸੰਭਾਲੀ ਹੈ, ਉਦੋਂ ਤੋਂ ਸਕੂਲ ਸਿੱਖਿਆ ਦਾ ਬਹੁਤ ਮਾੜਾ ਹਾਲ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵਾਰ ਵਾਰ ਦਿੱਲੀ ਸਕੂਲ ਸਿੱਖਿਆ ਮਾਡਲ ਦੀ ਗੱਲ ਕਰਦੇ ਹਨ ਪਰ ਉਹਨਾਂ ਇਹ ਸਿਰਫ ਪਬਲੀਸਿਟੀ ਸਟੰਟ ਅਤੇ ਇਸ਼ਤਿਹਾਰਬਾਜ਼ੀ ਤੱਕ ਸੀਮਤ ਕੀਤਾ ਹੈ। ਉਹਨਾਂ ਕਿਹਾਕਿ  ਸੱਚਾਈ ਇਹ ਹੈ ਕਿ ਸੂਬੇ ਵਿਚ ਅੱਧੇ ਦੇ ਕਰੀਬ ਸਕੂਲਾਂ ਵਿਚ ਪ੍ਰਿੰਸੀਪਲ ਨਹੀ਼ ਹਨ ਹਾਲਾਂਕਿ ਆਪ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਕਿਹਾ ਸੀ ਕਿ ਇਕ ਵੀ ਸਕੂਲ ਬਿਨਾਂ ਮੁਖੀ ਤੋਂ ਨਹੀਂ ਰਹੇਗਾ। ਉਹਨਾਂ ਕਿਹਾ ਕਿ ਸਾਲ ਦੇਅਖੀਰ  ਵਿਚ ਪ੍ਰਿੰਸੀਪਲਾਂ ਦੀਆਂ 147 ਆਸਾਮੀਆਂ ਹੋਰ ਖਾਲੀ ਹੋ ਜਾਣਗੀਆਂ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ 1750 ਹੈਡਮਾਸਟਰਾਂ ਦੀਆਂ ਆਸਾਮੀਆਂ ਵਿਚੋਂ 700 ਖਾਲੀ ਪਈਆਂ ਹਨ। ਉਹਨਾ ਜ਼ੋਰ ਦੇ ਕੇ ਕਿਹਾ ਕਿ ਪ੍ਰਾਇਮਰੀ ਸਕੂਲ ਸਿੱਖਿਆ ਦਾ ਹੋਰ ਮਾੜਾ ਹਾਲ ਹੈ ਤੇ ਅਧਿਆਪਕਾਂ ਦੀਆਂ 14000 ਆਸਾਮੀਆਂ ਖਾਲੀ ਪਈਆਂ ਹਨ। ਸਰਦਾਰਨੀ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਣਾਏ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਵਿਚ ਤਬਦੀਲ ਕਰਨ ਦੀ ਥਾਂ ਸਕੂਲ ਸਿੱਖਿਆ ਢਾਂਚੇ ਦੇ ਮਾੜੇ ਹਾਲਾਤਾਂ ਨੂੰ ਠੀਕ ਕਰਨ ਵੱਲ ਧਿਆਨ ਦੇਣ ਅਤੇ ਆਪਣੇ ਜੱਸ ਗਾਇਨ ਲਈ ਕਰੋੜਾਂ ਰੁਪਏ ਬਰਬਾਦ ਕਰਨਾ ਬੰਦ ਕਰਨ। ਉਹਨਾਂ ਕਿਹਾ ਕਿ ਜੇਕਰ ਤੁਸੀਂ ਉਭਰਦਾ ਤੇ ਮਜ਼ਬੂਤ ਪੰਜਾਬ ਵਿਖਾਉਣਾ ਹੈ ਤਾਂ ਪਹਿਲਾਂ ਸਾਡੀ ਪ੍ਰਾਇਮਰੀ ਸਕੂਲ ਸਿੱਖਿਆ ਨੂੰ ਮਜ਼ਬੂਤ ਕਰਨਾ ਪਵੇਗਾ ਤੇ ਇਹ ਕੰਮ ਤੁਰੰਤ ਕਰਨ ਦੀ ਲੋੜ ਹੈ।