ਹਰਸਿਮਰਤ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਦਖਲ ਦੇ ਕੇ ਏਮਜ਼ ਬਠਿੰਡਾ ਵਿਖੇ ਡੈਡੀਕੇਟਡ ਟਰੋਮਾ ਸੈਂਟਰ ਸਥਾਪਿਤ ਕਰਨ ਦੀ ਹਦਾਇਤ ਦੇਣ ਦੀ ਕੀਤੀ ਅਪੀਲ

  • ਪ੍ਰਧਾਨ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਮਿਆਰੀ ਦਵਾਈਆਂ ਵਾਜਬ ਭਾਅ ’ਤੇ ਮਿਲਣੀਆਂ ਯਕੀਨੀ ਬਣਾਉਣ ਤੇ ਡਾਕਟਰਾਂ ਤੇ ਰੱਖ ਰੱਖਾਅ ਦੇ ਮਸਲੇ ਵੀ ਹੱਲ ਕਰਵਾਉਣ

ਚੰਡੀਗੜ੍ਹ, 31 ਅਗਸਤ : ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਖੁਦ ਦਖਲ ਦੇ ਕੇ ਏਮਜ਼ ਬਠਿੰਡਾ ਵਿਖੇ ਡੈਡੀਕੇਟਡ ਟਰੋਮਾ ਸੈਂਟਰ ਸਥਾਪਿਤ ਕਰਨ ਦੀ ਹਦਾਇਤ ਦੇਣ ਅਤੇ ਨਾਲ ਹੀ ਸੰਸਥਾ ਵਿਚ ਮਿਆਰੀ ਦਵਾਈਆਂ ਵਾਜਬ ਭਾਅ ’ਤੇ ਮਿਲਣੀਆਂ ਯਕੀਨੀ ਬਣਾਉਣ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਟਰੋਮਾ ਸੈਂਟਰ ਸਥਾਪਿਤ ਕਰਨ ਦੀ ਲੋੜ ਬਾਰੇ ਵਾਰ-ਵਾਰ ਆਵਾਜ਼ ਬੁਲੰਦ ਕਰਦੇ ਰਹੇ ਹਨ ਤੇ ਨਾਲ ਹੀ ਉਹਨਾਂ ਏਮਜ਼ ਬਠਿੰਡਾ ਵਿਚ ਅੰਮ੍ਰਿਤ ਫਾਰਮੇਸੀ ਵਿਚ ਮਿਆਰੀ ਦਵਾਈਆਂ ਦੀ ਸਪਲਾਈ ਬਾਰੇ ਵੀ ਮੰਗ ਚੁੱਕੀ ਹੈ ਤੇ ਨਾਲ ਹੀ ਡਾਕਟਰਾਂ ਤੇ ਸਟਾਫ ਦੇ ਮਸਲੇ ਦੋ ਸਾਲਾਂ ਤੋਂ ਨਿਰੰਤਰ ਚੁੱਕੇ ਹਨ ਪਰ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਉਹਨਾਂ ਕੇਂਦਰੀ ਸਿਹਤ ਮੰਤਰੀ ਨਾਲ ਕੋਲ ਨਿੱਜੀ ਤੌਰ ’ਤੇ ਅਤੇ ਸੰਸਦ ਵਿਚ ਇਹ ਮਾਮਲੇ ਚੁੱਕੇ ਹਨ। ਏਮਜ਼ ਬਠਿੰਡਾ ਵਿਚ ਡੈਡੀਕੇਟਡ ਟਰੋਮਾ ਸੈਂਟਰ ਸਥਾਪਿਤ ਕਰਨ ਦੀ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਟਰੋਮਾ ਸੈਂਟਰ ਵਿਚ 30 ਬੈਡਾਂ ਦਾ ਐਮਰਜੰਸੀ ਵਾਰਡ ਬਹੁਤ ਹੀ ਛੋਟਾ ਹੈ ਜੋ ਟਰੋਮਾ ਕੇਸਾਂ ਵਾਸਤੇ ਕਾਫੀ ਨਹੀਂ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਏਮਜ਼ ਬਠਿੰਡਾ ਤਿੰਨ ਪ੍ਰਮੁੱਖ ਕੌਮੀ ਸ਼ਾਹ ਮਾਰਗਾਂ ਐਨ ਐਚ 54, ਐਨ ਐਚ 7 ਅਤੇ ਐਨ ਐਚ 148 ਦੇ ਨਾਲ ਨਾਲ ਸੂਬੇ ਦੇ ਸ਼ਾਹ ਮਾਰਗਾਂ 17 ਅਤੇ 41 ਨੇੜੇ ਸਥਿਤ ਹੈ। ਇਥੇ ਸਭ ਤੋਂ ਵੱਡੇ ਰੇਲਵੇ ਜੰਕਸ਼ਨ ਹਨ ਜੋ ਛੇ ਪ੍ਰਮੁੱਖ ਰੂਟ ਕਵਰ ਕਰਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਰਾਜ ਸਰਕਾਰ ਨੇ 2019 ਵਿਚ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ ਸੂਬੇ ਵਿਚ ਸੜਕ ਹਾਦਸਿਆਂ ਵਿਚ ਸਭ ਤੋਂ ਵੱਧ ਮੌਤ ਦਰ ਬਠਿੰਡਾ ਵਿਚ ਹੈ। ਬਾਦਲ ਨੇ ਕਿਹਾ ਕਿ ਇਹਨਾਂ ਸਾਰੇ ਤੱਥਾਂ ਦੀ ਰੋਸ਼ਨੀ ਵਿਚ ਏਮਜ਼ ਬਠਿੰਡਾ ਵਿਚ 300 ਬੈਡਾਂ ਦਾ ਟਰੋਮਾ ਸੈਂਟਰ ਸਥਾਪਿਤਹੋਣਾ  ਚਾਹੀਦਾ ਹੈ ਅਤੇ ਉਹਨਾਂ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਏਮਜ਼ ਵਿਚ ਲੋੜੀਂਦੀ ਇਮਾਰਤ ਦੀ ਉਸਾਰੀ ਵਾਸਤੇ 200 ਕਰੋੜ ਰੁਪਏ ਜਾਰੀ ਕੀਤੇ ਜਾਣ ਤੇ ਕੇਂਦਰ ਵਾਸਤੇ 75 ਕਰੋੜ ਰੁਪਏ ਜਾਰੀ ਕਰਨੇ ਚਾਹੀਦੇ ਹਨ। ਬਾਦਲ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਕਿ ਏਮਜ਼ ਬਠਿੰਡਾ ਵਿਚ ਅੰਮ੍ਰਿਤ ਫਾਰਮੇਸੀ ਵਿਚ ਦਵਾਈਆਂ ਦੀ ਕਿਵੇਂ ਤੋਟ ਹੈ। ਉਹਨਾਂ ਕਿਹਾ ਕਿ ਇਸ ਕਾਰਨ ਮਰੀਜ਼ ਸੰਸਥਾ ਦੇ ਬਾਹਰ ਪ੍ਰਾਈਵੇਟ ਮੈਡੀਕਲ ਸਟੋਰਾਂ ਤੋਂ ਮਹਿੰਗੇ ਭਾਅ ’ਤੇ ਦਵਾਈਆਂ ਖਰੀਦਣ ਵਾਸਤੇ ਮਜਬੂਰ ਹਨ। ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸਿਹਤ ਮੰਤਰਾਲੇ ਡਿਸਪੈਂਸਰੀ ਵਿਚੇ ਲੋੜੀਂਦੀਆਂ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਲਈ ਹਦਾਇਤ ਕਰਨ। ਉਹਨਾਂ ਕਿਹਾ ਕਿ ਏਮਜ਼ ਵਿਖੇ ਅੰਮ੍ਰਿਤ ਡਿਸਪੈਂਸਰੀਆਂ ਦੀ ਗਿਣਤੀ ਵਧਾਉਦ ਦੀ ਵੀ ਜ਼ਰੂਰਤ ਹੈ ਕਿਉਂਕਿ ਮਰੀਜ਼ ਲੰਬੇ ਸਮੇਂ ਦੀ ਉਡੀਕ ਦੀ ਸ਼ਿਕਾਇਤ ਕਰ ਰਹੇ ਹਨ। ਸਰਦਾਰਨੀ ਬਾਦਲ ਨੇ ਇਹ ਵੀ ਕਿਹਾ ਕਿ ਏਮਜ਼ ਵਿਖੇ ਤਜਵੀਜ਼ਸ਼ੁਦਾ ਜਨ ਔਸ਼ਦੀ ਕੇਂਦਰ ਜਲਦੀ ਤੋਂ ਜਲਦੀ ਸਥਾਪਿਤ ਕੀਤਾ ਜਾਵੇ। ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਏਮਜ਼ ਬਠਿੰਡਾ ਵਿਖੇ 1120 ਕੁਆਰਟਰਾਂ ਦੀ ਉਸਾਰੀ ਵਾਸਤੇ ਤਜਵੀਜ਼ ਪ੍ਰਸ਼ਾਸਕੀ ਤੇ ਵਿੱਤੀ ਪ੍ਰਵਾਨਗੀ ਵਾਸਤੇ ਸਿਹਤ ਮੰਤਰਾਲੇ ਕੋਲ ਪੈਂਡਿੰਗ ਪਈ ਹੈ। ਉਹਨਾਂ ਕਿਹਾ ਕਿ ਸਪੈਸ਼ਲ ਡੀ ਜੀ (ਪ੍ਰਾਜੈਕਟ ਰੀਜਨ ਚੰਡੀਗੜ੍ਹ) ਨੇ 4 ਜੂਨ 2021 ਨੂੰ ਲਿਖਿਆ ਪੱਤਰ ਸਿਹਤ ਮੰਤਰਾਲੇ ਵਿਚ ਸਕੱਤਰ ਕੋਲ ਪ੍ਰਸ਼ਾਸਕੀ ਤੇ ਵਿੱਤੀ ਪ੍ਰਵਾਨਗੀ ਵਾਸਤੇ ਪਿਆ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਕੁਆਰਟਰਾਂ ਦੀ ਉਸਾਰੀ ਤੇਜ਼ ਰਫਤਾਰ ਕਰਵਾਉਣ ਵਾਸਤੇ ਦਖਲ ਦੇਣ। ਬਾਦਲ ਨੇ ਇਹ ਵੀ ਦੱਸਿਆ ਕਿ ਏਮਜ਼ ਬਠਿੰਡਾ ਨੇ 20 ਮਈ 2022 ਨੂੰ ਲਿਖੇ ਪੱਤਰ ਵਿਚ ਆਖਿਆ ਸੀ ਕਿ  ਏਮਜ਼ ਬਠਿੰਡਾ ਵਿਚ ਪੈਂਡਿੰਗ ਉਸਾਰੀਆਂ ਤੇਜ਼ ਰਫਤਾਰ ਕਰਵਾਈਆਂ ਜਾਣ। ਬਾਦਲ ਨੇ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਦੇ ਤੁਰੰਤ ਦਖਲ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਏਮਜ਼ ਸੰਸਥਾਵਾਂ ਜੋ ਦੇਸ਼ ਵਿਚ ਕਈ ਥਾਵਾਂ ’ਤੇ ਸਥਾਪਿਤ ਕੀਤੀਆਂ ਗਈਆਂ ਹਨ, ਉਹਨਾਂ ਦੀ ਦੂਰਅੰਦੇਸ਼ੀ ਸੋਚ ਕਾਰਨ ਬਣੀਆਂ ਹਨ ਤੇ ਇਹਨਾਂ ਵਿਚ ਮਿਆਰੀ ਮੈਡੀਕਲ ਸੰਭਾਲ ਸਹੂਲਤ ਸਸਤੀਆਂ ਕੀਮਤਾਂ ’ਤੇ ਮਿਲਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹਨਾਂ ਸੰਸਥਾਵਾਂ ਵਿਚ ਸੁਪਰ ਸਪੈਸ਼ਲਟੀ ਕੇਅਰ ਵੀ ਤੇ ਨਾਲ ਹੀ ਐਡਵਾਂਸ ਐਮਰਜੰਸੀ ਕੇਅਰ ਵੀ ਹੇਠਲੇ ਪੱਧਰ ਤੱਕ ਉਪਲਬਧ ਕਰਵਾਉਣ ਦੀ ‌‌ਵਿਵਵਸਥਾ ਕੀਤੀ ਗਈ ਸੀ। ਉਹਨਾਂ ਕਿਹਾ ਕਿ ਏਮਜ਼ ਬਠਿੰਡਾ ਵੀ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਾਸਤੇ ਸਥਾਪਿਤ ਕੀਤਾ ਗਿਆ ਤੇ ਇਹ ਖਿੱਤੇ ਵਿਚ ਲੋਕਾਂ ਦੀ ਸੇਵਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਡੈਡੀਕੇਟਡ ਟਰੋਮਾ ਸੈਂਟਰ,ਮਿਆਰੀਆਂ ਤੇ ਸਸਤੀਆਂ ਦਵਾਈਆਂ ਤੇ ਲੋੜੀਂਦੀਆਂ ਇਮਾਰਤਾਂ ਦੀ ਉਸਾਰੀ ਦੀ ਘਾਟ ਇਸ ਕੰਮ ਵਿਚ ਅੜਿਕਾ ਬਣ ਰਹੇ ਹਨ। ਉਹਨਾਂ ਕਿਹਾ ਕਿ ਇਹ ਮਸਲਾ ਤੁਰੰਤ ਹੱਲ ਕਰਨ ਦੀ ਲੋੜ ਹੈ।