ਸਿੱਖ ਕੌਮ ਦੇ ਹਰਿਆਵਲ ਦਸਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਖ਼ਤਮ ਕਰਨ ਵਾਲੇ, ਹੁਣ ਕਦੇ ਵੀ ਪੰਜਾਬ ਤੇ ਪੰਥ ਦੇ ਲੰਬਰਦਾਰ ਨਹੀਂ ਬਣ ਸਕਦੇ : ਭੋਮਾ

ਚੰਡੀਗੜ੍ਹ, 14 ਸਤੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਥਾਪਨਾ ਦਿਵਸ ਮੌਕੇ ਸਿੱਖ ਕੌਮ ਤੇ ਖ਼ਾਸ ਕਰਕੇ ਸਿੱਖ ਵਿਦਿਆਰਥੀਆਂ ਅਤੇ ਸਿੱਖ ਨੌਜਵਾਨਾਂ ਨੂੰ ਲੱਖ ਲੱਖ ਵਧਾਈ ਦੇਂਦਿਆਂ ਕਿਹਾ ਸਿੱਖ ਕੌਮ ਦਾ ਹਰਿਆਵਲ ਦਸਤਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸ਼ਹੀਦਾਂ ਦੀ ਜਥੇਬੰਦੀ ਹੈ ਇਹ ਅੱਜ ਵੀ ਜਿਊਂਦਾ ਤੇ ਹਮੇਸ਼ਾ ਰਹੇਂਗੀ। ਪਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਲੀਰੋ ਲੀਰ ਕਰਨ ਤੇ ਖ਼ਤਮ ਕਰਨ ਵਾਸਤੇ ਟਿੱਲ ਦਾ ਜ਼ੋਰ ਲਾਉਣ ਵਾਲੇ ਪੰਜਾਬ ਦੀ ਰਾਜਨੀਤੀ ਤੇ ਲੋਕ ਮਨਾਂ ਵਿੱਚੋਂ ਖ਼ਤਮ ਤੇ ਮਨਫੀ ਹੋ ਚੁੱਕੇ ਹਨ । ਅਖ਼ੀਰ ਇਹ ਖ਼ਤਮ ਹੋਣੇ ਹੀ ਸਨ ਜਦੋਂ ਮਨੁੱਖ ਆਪਣੀਆਂ ਜੜ੍ਹਾਂ ਆਪੇ ਪੁੱਟ ਦੇਵੇ ਫ਼ਿਰ ਰੁੱਖ ਹਰਾ ਕਿਵੇਂ ਰਹਿ ਸਕਦਾ ਹੈ? ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸਿੱਖ ਕੌਮ ਦੀ ਲੀਡਰਸ਼ਿਪ ਦੀ ਨਰਸਰੀ ਸੀ ਜਿਥੋਂ ਸਿੱਖ ਵਿਦਿਆਰਥੀ ਲੀਡਰਸ਼ਿਪ ਤਿਆਰ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਜਾਂਦੀ ਸੀ । ਪਰ ਸਮੁੱਚੇ ਬਾਦਲ ਪ੍ਰਵਾਰ ਨੇ ਪੰਥ ਦੇ ਦੁਸ਼ਮਣਾਂ ਨਾਲ਼ ਟੱਕਰ ਲੈਣ ਦੀ ਬਜਾਏ ਆਪਣੀਆਂ ਤੋਪਾਂ ਦੇ ਗੋਲੇ ਤੇ ਸਾਜ਼ਿਸ਼ਾਂ ਦੇ ਮਨਸੂਬੇ ਸਿੱਖ ਕੌਮ ਦੇ ਹਰਿਆਵਲ ਦਸਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਉੱਪਰ ਸੁੱਟਕੇ ਪੰਥ ਦੀ ਜਥੇਬੰਦੀ ਦਾ ਲੱਕ ਤੋੜ੍ਹਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਕਿਹਾ ਸੀ ਕਿ ਫੈਡਰੇਸ਼ਨ ਵਕ਼ਤ ਵਹਾਂ ਚੁੱਕੀ ਹੈ। ਪਰ ਮੈਂ ਤਾਂ ਇਹ ਗੱਲ ਨਹੀਂ ਕਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਵਕ਼ਤ ਵਹਾਂ ਚੁੱਕਾ ਹੈ ਪਰ ਹੁਣ ਇਹ ਗੱਲ ਪੱਕੀ ਹੈ ਕਿ ਪੰਜਾਬ ਤੇ ਪੰਥਕ ਸਫਾਂ ਵਿੱਚ ਬਾਦਲ ਪ੍ਰਵਾਰ ਦੀ ਲੀਡਰਸ਼ਿਪ ਵਕ਼ਤ ਵਹਾਂ ਚੁੱਕੀ ਹੈ। ਹੁਣ ਜੋ ਮਰਜ਼ੀ ਹੋ ਜਾਵੇ ਪਰ ਬਾਦਲਕੇ ਪੰਜਾਬ ਤੇ ਪੰਥ ਦੇ ਕਦੇ ਲੰਬਰਦਾਰ ਨਹੀਂ ਬਣ ਸਕਦੇ। ਬਾਦਲ ਦੇ ਪੁੱਤ ਭਤੀਜੇ ਅਕਾਲੀ ਦਲ ਨੂੰ ਅਗਵਾ ਕਰਦੇ ਕਰਦੇ ਸਾਰੀਆਂ ਪੰਥਕ ਸੰਸਥਾਵਾਂ ਦਾ ਸਤਿਆਨਾਸ ਕਰ ਗਏ । ਜਿਸ ਰੁੱਖ ਦੀਆਂ ਜੜ੍ਹਾਂ ਬਾਦਲਾਂ ਨੇ ਖੁਦ ਕਟੀਆਂ ਹਨ ਹੁਣ ਸੁੱਕੇ ਰੁੱਖ ਤੇ ਬੈਠਕੇ ਠੰਢੀ ਛਾਂ ਕਿਵੇਂ ਲੈ ਸਕਦੇ ਹਨ ? ਜਿਥੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਭਾਖੜਾ ਡੈਮ ਵਿੱਚ ਬਿਜਲੀ ਬਣਦੀ ਸੀ ਬਾਦਲਾਂ ਨੇ ਪੰਥ ਦਾ ਉਹ ਭਾਖੜ੍ਹਾ ਡੈਮ ਹੀ ਤਬਾਹ ਕਰ ਦਿੱਤਾ । ਫ਼ਿਰ ਹੁਣ ਬਾਦਲਕੇ ਚਾਨਣ ਕਿਥੋਂ ਭਾਲਦੇ ਹਨ।