ਰਾਜਪਾਲ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ ਚੰਡੀਗੜ੍ਹ ਵਿੱਚ ਅਮਰੀਕੀ ਕੌਂਸਲੇਟ ਖੋਲ੍ਹਣ ਦੀ ਕੀਤੀ ਮੰਗ

ਚੰਡੀਗੜ੍ਹ, 16 ਜੂਨ : ਭਾਰਤ ਦੇ ਨਾਲ-ਨਾਲ ਅਮਰੀਕਾ ਵਿੱਚ ਪੰਜਾਬ ਦੇ ਲੋਕਾਂ ਦੀ ਵੱਧ ਰਹੀ ਮੰਗ ਸਬੰਧੀ ਚੰਡੀਗੜ੍ਹ ਵਿਖੇ ਅਮਰੀਕੀ ਕੌਂਸਲੇਟ ਦੇ ਹੱਕ ਵਿੱਚ ਪੈਰਵੀ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ। ਆਪਣੇ ਪੱਤਰ ਵਿੱਚ ਰਾਜਪਾਲ ਨੇ ਲਿਖਿਆ ਕਿ ਪੰਜਾਬੀ ਉਤਸ਼ਾਹੀ ਲੋਕ ਹਨ ਜੋ ਦੇਸ਼ ਅਤੇ ਵਿਦੇਸ਼ ਵਿੱਚ ਘੁੰਮਣਾ ਪਸੰਦ ਕਰਦੇ ਹਨ। ਉਹ ਅਮਰੀਕਾ ਵਿੱਚ ਭਾਰਤੀ ਡਾਇਸਪੋਰਾ ਦਾ ਇੱਕ ਵੱਡਾ ਹਿੱਸਾ ਵੀ ਹਨ। ਇਸ ਹਿੱਸੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਮੈਂਬਰ ਆਪਣੇ ਪਿਛੋਕੜ ਪ੍ਰਤੀ ਸੁਚੇਤ ਹਨ ਅਤੇ ਭਾਰਤ ਵਿੱਚ ਆਪਣੇ ਲੋਕਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਇਸ ਲਈ ਚੰਡੀਗੜ੍ਹ, ਜੋ ਪੰਜਾਬੀ ਸੱਭਿਆਚਾਰ ਦਾ ਕੇਂਦਰ ਹੈ, ਵਿਖੇ ਇੱਕ ਅਮਰੀਕੀ ਕੌਂਸਲੇਟ ਖੋਲ੍ਹਣ ਦਾ ਇਹ ਮਹੱਤਵਪੂਰਨ ਕਾਰਨ ਬਣਦਾ ਹੈ। ਉਹਨਾਂ ਭਾਰਤ ਵਿੱਚ ਇੱਕ ਹੋਰ ਕੌਂਸਲੇਟ ਦੀ ਮੰਗ ਦਾ ਹਵਾਲਾ ਦਿੱਤਾ, ਜਿਸ ਲਈ ਅਮਰੀਕਾ ਵਿੱਚ ਵੀ ਅਮਰੀਕੀ ਸੰਸਦ ਮੈਂਬਰਾਂ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ, ਜਿਸ ਨਾਲ ਇਸ ਮੰਗ ਨੂੰ ਹੋਰ ਮਜ਼ਬੂਤੀ ਮਿਲਦੀ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਅਮਰੀਕਾ ਵਿੱਚ ਪੰਜ ਕੌਂਸਲੇਟ ਹਨ, ਜਦੋਂ ਕਿ ਅਮਰੀਕਾ ਦੇ ਭਾਰਤ ਵਿੱਚ ਸਿਰਫ ਚਾਰ ਕੌਂਸਲੇਟ ਹੀ ਹਨ। ਰਾਜਪਾਲ ਨੇ ਕਿਹਾ ਕਿ ਜੇਕਰ ਚੰਡੀਗੜ੍ਹ ਵਿੱਚ ਯੂ.ਐਸ. ਕੌਂਸਲੇਟ ਖੋਲ੍ਹਿਆ ਜਾਂਦਾ ਹੈ, ਤਾਂ ਇਹ ਸੂਬੇ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਪਹਿਲੂਆਂ ਨੂੰ ਛੂਹਣ ਦੇ ਉਦੇਸ਼ਾਂ ਦੀ ਪੂਰਤੀ ਕਰੇਗਾ। ਉਹਨਾਂ ਵਿਦੇਸ਼ ਮੰਤਰਾਲੇ ਨੂੰ ਇਸ ਮਾਮਲੇ ਨੂੰ ਸਬੰਧਤ ਅਮਰੀਕੀ ਅਧਿਕਾਰੀਆਂ ਕੋਲ ਉਠਾਉਣ ਦੀ ਬੇਨਤੀ ਕੀਤੀ।