ਪੰਜਾਬ ਦੇ ਰਾਜਪਾਲ ਨੇ ਲੋਕਾਂ ਨੂੰ ਕਬੀਰ ਜਯੰਤੀ ਮੌਕੇ ਦਿੱਤੀ ਵਧਾਈ

ਚੰਡੀਗੜ੍ਹ, 03 ਜੂਨ : ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਕਬੀਰ ਜਯੰਤੀ ਮੌਕੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਆਪਣੇ ਸੰਦੇਸ਼ ਵਿੱਚ, ਰਾਜਪਾਲ ਨੇ ਕਿਹਾ ਕਿ ਸੰਤ ਕਬੀਰ ਦੀਆਂ ਪਿਆਰ, ਏਕਤਾ ਅਤੇ ਸਦਭਾਵਨਾ ਦੀਆਂ ਸਿੱਖਿਆਵਾਂ ਸਾਨੂੰ ਪੀੜ੍ਹੀ-ਦਰ-ਪੀੜ੍ਹੀ ਪ੍ਰੇਰਨਾ ਦਿੰਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਉਨ੍ਹਾਂ ਦੀ ਬਾਣੀ ਮਨ ਦੀ ਸ਼ੁੱਧਤਾ ‘ਤੇ ਵਿਸ਼ੇਸ਼ ਜ਼ੋਰ ਦੇ ਕੇ ਮਾਨਵਜਾਤੀ ਦੀ ਚੇਤਨਾ ਨੂੰ ਜਗਾਉਂਦੀ ਹੈ ਅਤੇ ਲੋਕਾਂ ਨੂੰ ਸ਼ਾਂਤੀਪੂਰਨ ਅਤੇ ਉਦੇਸ਼ਪੂਰਨ ਜੀਵਨ ਜਿਊਣ ਲਈ ਪ੍ਰੇਰਿਤ ਕਰਦੀ ਹੈ। ਉਹਨਾਂ ਨੇ ਦੱਬੇ-ਕੁਚਲੇ ਵਰਗਾਂ ਦੇ ਹਿੱਤਾਂ ਦੀ ਵਕਾਲਤ ਕੀਤੀ ਅਤੇ ਜਾਤ-ਪਾਤ ਤੇ ਵਰਗ ਰਹਿਤ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦਿੱਤਾ। ਸ੍ਰੀ ਪੁਰੋਹਿਤ ਨੇ ਲੋਕਾਂ ਨੂੰ ਮਹਾਨ ਅਧਿਆਤਮਕ ਗੁਰੂ ਦੀਆਂ ਸਿੱਖਿਆਵਾਂ ‘ਤੇ ਚੱਲਣ ਅਤੇ ਦਇਆ, ਆਪਸੀ-ਤਾਲਮੇਲ ਅਤੇ ਭਾਈਚਾਰੇ ਦੇ ਆਧਾਰ ‘ਤੇ ਸਮਾਜ ਸਿਰਜਣ ਲਈ ਯਤਨ ਕਰਨ ਦੀ ਅਪੀਲ ਕੀਤੀ।