ਸਰਕਾਰ ਸੂਬਾ ਵਾਸੀਆਂ ਨੂੰ ਸਾਫ਼ ਸੁਥਰਾ ਤੇ ਸਿਹਤਮੰਦ ਵਾਤਾਵਰਣ ਦੇਣ ਲਈ ਯਤਨਸ਼ੀਲ : ਜਿੰਪਾ

  • ਜਿੰਪਾ ਵੱਲੋਂ ਐਮ. ਸੇਵਾ ਫੀਕਲ ਸਲੱਜ ਮੈਨੇਜਮੈਂਟ ਪੋਰਟਲ ਦੀ ਸ਼ੁਰੂਆਤ
  • ਪਾਇਲਟ ਪ੍ਰੋਜੈਕਟ ਤਹਿਤ 40 ਹਜ਼ਾਰ ਤੋਂ ਵੱਧ ਘਰ ਹੋਣਗੇ ਕਵਰ
  • ਐਸ.ਏ.ਐਸ ਨਗਰ, ਰੂਪਨਗਰ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦੇ 2 ਲੱਖ ਲੋਕਾਂ ਨੂੰ ਹੋਵੇ ਫਾਇਦਾ

ਚੰਡੀਗੜ੍ਹ, 16 ਅਗਸਤ : ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਆਨਲਾਈਨ ਮਾਧਿਅਮ ਰਾਹੀਂ ਫ਼ਿਰੋਜ਼ਪੁਰ ਤੋਂ ਐਮ. ਸੇਵਾ ਫੀਕਲ ਸਲੱਜ ਮੈਨੇਜਮੈਂਟ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਈ-ਗੋਵ ਫਾਊਂਡੇਸ਼ਨ ਦੇ ਸਹਿਯੋਗ ਨਾਲ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਮਨੁੱਖੀ ਮਲ/ਸੈਪਟਿਕ ਟੈਂਕਾਂ ਦੀ ਗਾਰ ਦੇ ਪ੍ਰਬੰਧਨ (ਫੀਕਲ ਸਲੱਜ ਅਤੇ ਸੇਪਟੇਜ ਪ੍ਰਬੰਧਨ) ਨੂੰ ਲਾਗੂ ਕੀਤਾ ਜਾਵੇਗਾ। ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਰਾਜ ਦੇ ਨਾਗਰਿਕਾਂ ਨੂੰ ਸਾਫ਼ ਸੁਥਰਾ ਤੇ ਸਿਹਤਮੰਦ ਵਾਤਾਵਰਣ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਜਿੰਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੋਰਟਲ ‘ਤੇ ਰੀਅਲ-ਟਾਈਮ ਡੇਟਾ ਉਪਲੱਬਧ ਹੁੰਦਾ ਹੈ ਜਿਸ ਨਾਲ ਮਲ ਦੇ ਪ੍ਰਬੰਧਨ ਦੀ ਪ੍ਰਕਿਿਰਆ ਦੀ ਨਿਗਰਾਨੀ ਵਿੱਚ ਮਦਦ ਮਿਲਦੀ ਹੈ। ਇਸ ਪੋਰਟਲ ਨੂੰ ਸਥਾਨਕ ਸਰਕਾਰ ਵਿਭਾਗ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੁਆਰਾ ਆਪਸੀ ਤਾਲਮੇਲ ਨਾਲ ਮੁੱਢਲੇ ਰੂਪ ਵਿੱਚ ਪੰਜਾਬ ਦੇ 4 ਜ਼ਿਿਲ੍ਹਆਂ ਐਸ.ਏ.ਐਸ ਨਗਰ ਮੋਹਾਲੀ, ਰੂਪਨਗਰ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਬਤੌਰ ਪਾਇਲਟ ਪ੍ਰੋਜੈਕਟ ਲਾਂਚ ਕੀਤਾ ਜਾਵੇਗਾ। ਇਸ ਪਾਇਲਟ ਪ੍ਰੋਜੈਕਟ ਤਹਿਤ 171 ਪਿੰਡਾਂ ਦੇ 40,980 ਘਰਾਂ ਨੂੰ ਕਵਰ ਕੀਤਾ ਜਾਵੇਗਾ ਜਿਸ ਦਾ ਫਾਇਦਾ ਕਰੀਬ 2 ਲੱਖ ਲੋਕਾਂ ਨੂੰ ਹੋਵੇਗਾ। ਉਨ੍ਹਾਂ ਦੱਸਿਆ ਕਿ ਐਮ ਸੇਵਾ ਫੀਕਲ ਸਲੱਜ ਮੈਨੇਜਮੈਂਟ ਪੋਰਟਲ ਨਾਲ ਕੋਈ ਵੀ ਨਾਗਰਿਕ ਇਸ ਪੋਰਟਲ ਰਾਹੀਂ ਆਪਣਾ ਸੈਪਟਿਕ ਟੈਂਕ ਖਾਲੀ ਕਰਵਾਉਣ ਦੀ ਸੁਵਿਧਾ ਘਰ ਬੈਠੇ ਪ੍ਰਾਪਤ ਕਰ ਸਕੇਗਾ। ਸੈਂਪਿਟਕ ਟੈਕਾਂ ਦੀ ਗਾਰ ਦਾ ਸਹੀ ਪ੍ਰਬੰਧਨ ਹੋਣ ਨਾਲ ਵਾਤਾਵਰਣ ਸਾਫ਼-ਸੁਥਰਾ ਰਹੇਗਾ ਜਿਸ ਨਾਲ ਲੋਕਾਂ ਦੀ ਸਿਹਤ ‘ਤੇ ਚੰਗਾ ਪ੍ਰਭਾਵ ਪਵੇਗਾ। ਇਸ ਨਾਲ ਪ੍ਰਾਈਵੇਟ ਅਦਾਰੇ ਵੀ ਅੱਗੇ ਆਉਣਗੇ। ਜ਼ਿਕਰਯੋਗ ਹੈ ਕਿ ਸੀਵੇਜ ਟ੍ਰੀਟਮੈਂਟ ਪਲਾਂਟ ਆਪਰੇਟਰ ਇਹ ਪ੍ਰਮਾਣਿਤ ਕਰਨ ਦੇ ਯੋਗ ਹੋਵੇਗਾ ਕਿ ਘਰਾਂ ਤੋਂ ਇਕੱਠੀ ਕੀਤੀ ਗਈ ਸੈਪਟਿਕ ਟੈਂਕਾਂ ਦੀ ਗਾਰ ਅਤੇ ਸੀਵੇਜ ਟ੍ਰੀਟਮੈਂਟ ਪਲਾਂਟ ਵਿੱਚ ਪਹੁੰਚੀ ਗਾਰ ਦੀ ਮਾਤਰਾ ਵਿੱਚ ਕੋਈ ਅੰਤਰ ਨਹੀਂ ਹੈ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਇਸ ਪ੍ਰਕਿਿਰਆ ਦੌਰਾਨ ਗਾਰ ਸੀਵੇਜ ਟ੍ਰੀਟਮੈਂਟ ਪਲਾਂਟ ਤੋਂ ਇਲਾਵਾ ਕਿਤੇ ਵੀ ਨਾ ਸੁੱਟੀ ਜਾਵੇ। ਇਸ ਤੋਂ ਇਲਾਵਾ ਇਸ ਪੋਰਟਲ ਰਾਹੀਂ ਰਾਜ ਪੱਧਰ ‘ਤੇ ਇਹ ਦੇਖਿਆ ਜਾ ਸਕੇਗਾ ਕਿ ਕਿਸ ਸੀਵੇਜ ਟ੍ਰੀਟਮੈਂਟ ਪਲਾਂਟ ‘ਤੇ ਕਿੰਨੀ ਗਾਰ ਆ ਰਹੀ ਹੈ। ਲੋਕਾਂ ਦੀ ਇਸ ਸੁਵਿਧਾ ਬਾਰੇ ਫੀਡਬੈਕ ਵੀ ਪਤਾ ਲਗਾਈ ਜਾ ਸਕੇਗੀ। ਇਸ ਮੌਕੇ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ, ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਯਾ, ਗੁਰੂਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ, ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਡੀ.ਕੇ. ਤਿਵਾੜੀ, ਵਿਭਾਗ ਮੁਖੀ ਮੁਹੰਮਦ ਇਸ਼ਫਾਕ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਜ਼ਿਲ੍ਹਾ ਪੁਲੀਸ ਮੁਖੀ ਦੀਪਕ ਹਿਲੌਰੀ ਹਾਜ਼ਰ ਸਨ ਜਦਕਿ ਭਾਰਤ ਸਰਕਾਰ ਦੇ ਡਰਿੰਕਿੰਗ ਵਾਟਰ ਤੇ ਸੈਨੀਟੇਸ਼ਨ ਵਿਭਾਗ ਦੇ ਡਾਇਰੈਕਟਰ ਡਾ. ਅਨੁਪਮਾ ਆਨ ਲਾਈਨ ਮਾਧਿਅਮ ਰਾਹੀਂ ਜੁੜੇ।