ਬਿਜਲੀ ਦਰਾਂ 'ਚ ਕੀਤਾ ਚੋਖਾ ਵਾਧਾ ਤੁਰੰਤ ਵਾਪਸ ਲਵੇ ਸਰਕਾਰ : ਸੁਖਬੀਰ ਬਾਦਲ 

  • ਕਿਹਾ ਕਿ ਆਪ ਸਰਕਾਰ ਨੇ ਜਲੰਧਰ ਜ਼ਿਮਨੀ ਚੋਣ ਵਿਚ ਇਸ ’ਤੇ ਵਿਸ਼ਵਾਸ ਕਰਨ ਲਈ ਪੰਜਾਬੀਆਂ ਨੂੰ ਸਜ਼ਾ ਦਿੱਤੀ
  • 300 ਯੂਨਿਟ ਮੁਫਤ ਬਿਜਲੀ ਸਕੀਮ ਅਸਿੱਧੇ ਤੌਰ ’ਤੇ ਆਪਣੇ ਆਪ ਹੀ ਖਤਮ ਹੋ ਗਈ: ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 15 ਮਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਜਿੱਤਣ ਤੋਂ ਤੁਰੰਤ ਬਾਅਦ ਹਰ ਵਰਗ ਦੇ ਖਪਤਕਾਰਾਂ ਲਈ ਬਿਜਲੀ ਦਰਾਂ ਵਿਚ ਚੋਖਾ ਵਾਧਾ ਕਰਕੇ ਝੂਠ ਤੇ ਧੋਖੇ ਦੀ ਰਾਜਨੀਤੀ ਵਿਚ ਮੁਹਾਰਤ ਹਾਸਲ ਕਰ ਲਈ ਹੈ। ਇਸ ਲੱਕ ਤੋੜਵੇਂ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਾਰਟੀ ਵਿਚ ਵਿਸ਼ਵਾਸ ਪ੍ਰਗਟਾਉਣ ਦੀ ਪੰਜਾਬੀਆਂ ਨੂੰ ਸਜ਼ਾ ਦਿੱਤੀ ਤੇ ਉਹਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 300 ਯੂਨਿਟ ਮੁਫਤ ਬਿਜਲੀ ਸਕੀਮ ਦੇ ਨਾਂ ’ਤੇ ਜਲੰਧਰ ਜ਼ਿਮਨੀ ਚੋਣ ਵਿਚ ਵੋਟਾਂ ਮੰਗੀਆਂ ਸਨ। ਉਹਨਾਂ ਕਿਹਾ ਕਿ ਅੱਜ ਦੇ ਵਾਧੇ ਨਾਲ ਇਹ ਸਕੀਮ ਵੀ ਅਸਿੱਧੇ ਤੌਰ ’ਤੇ ਖਤਮ ਹੋ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਇਹ ਦਾਅਵਾ ਕਰ ਰਹੇ ਹਨ ਕਿ ਸਰਕਾਰ ਦਰਾਂ ਵਿਚ ਵਾਧੇ ਨਾਲ ਖਪਤਕਾਰਾਂ ਸਿਰ ਪਏ ਬੋਝ ਦਾ ਖਰਚਾ ਆਪ ਚੁੱਕੇਗੀ ਪਰ ਅਸਲੀਅਤ ਵਿਚ ਸਰਕਾਰ 300 ਯੂਨਿਟ ਬਿਜਲੀ ਬਦਲੇ ਪੀ ਐਸ ਪੀ ਸੀ ਐਲ ਨੂੰ ਕੋਈ ਅਦਾਇਗੀ ਕਰਨ ਦੇ ਨਾਂ ’ਤੇ ਅੱਖਾਂ ਪੂੰਝ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਪੀ ਐਸ ਪੀ ਸੀ ਐਲ ਦਾ 20400 ਕਰੋੜ ਰੁਪਿਆ ਦੇਣਾ ਹੈ ਤੇ ਇਸ ਕੋਲ ਹੋਰ ਵਾਧੂ ਬੋਝ ਚੁੱਕਣ ਦੀ ਸਮਰਥਾ ਨਹੀਂ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪ ਸਰਕਾਰ ਨੇ ਸਭ ਤੋਂ ਘੱਟ ਦਰਾਂ ਵਾਲੇ ਵਰਗ ਸਮੇਤ ਸਾਰੇ ਵਰਗਾਂ ਲਈਬਿਜਲੀ  ਦਰਾਂ ਵਿਚ ਵਾਧਾ ਕੀਤਾ ਹੈ। ਉਹਨਾਂ ਕਿਹਾ ਕਿ ਸਭ ਤੋਂ ਘੱਟ ਬਿਜਲੀ ਖਪਤ ਕਰਨ ਵਾਲੇ ਵਰਗ ਲਈ ਸਿਫਰ ਤੋਂ 100 ਯੂਨਿਟ ਤੱਕ 70 ਪੈਸੇ ਦਾ ਵਾਧਾ ਕੀਤਾ ਗਿਆ ਹੈ ਤੇ 100 ਤੋਂ 300 ਯੂਨਿਟ ਤੱਕ 80 ਪੈਸੇ ਦਾ ਵਾਧਾ ਕੀਤਾ ਗਿਆ। ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਵਾਧੇ ਨਾਲ ਆਮ ਆਦਮੀ ਬੁਰੀ ਤਰ੍ਹਾਂ ਪ੍ਰਭਾਵਤ ਹੋਵੇਗਾ। ਉਹਨਾਂ ਕਿਹਾ ਕਿ ਆਪ ਨੇ ਆਪਣਾ ਅਸਲੀ ਰੰਗ ਵਿਖਾ ਦਿੱਤਾ ਹੈ। ਇਸਨੇ ਸਾਬਤ ਕਰ ਦਿੱਤਾ ਹੈ ਕਿ ਇਸ ’ਤੇ ਵਿਸਾਹ ਨਹੀਂ ਕੀਤਾ ਜਾ ਸਕਦਾ। ਇਸਨੇ ਜਾਣ ਬੁੱਝ ਇਹ ਵਾਧਾ ਜਲੰਧਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਤੱਕ ਲਈ ਟਾਲ ਦਿੱਤਾ ਸੀ ਤੇ ਵਾਰ ਵਾਰ ਖਪਤਕਾਰਾਂ ਨੂੰ ਝੂਠ ਬੋਲਦੇ ਰਹੇ ਕਿ ਅਸੀਂ ਕਮਜ਼ੋਰ ਵਰਗਾਂ ਨੂੰ ਸਬਸਿਡੀ ਦਿਆਂਗੇ। ਉਹਨਾਂ ਪੁੱਛਿਆ ਕਿ ਜੇਕਰ ਸਬਸਿਡੀ  ਦੇਣੀ ਹੈ ਤਾਂ ਫਿਰ ਦਰਾਂ ਵਿਚ ਵਾਧਾ ਕਿਉਂ ਕੀਤਾ ਗਿਆ? ਸਰਦਾਰ ਬਾਦਲ ਨੇ ਕਿਹਾ ਕਿ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਬਦਲਾਅ ਵਾਲੀ ਸਰਕਾਰ ਨੇ ਬਿਜਲੀ ਦਰਾਂ ਵਿਚ ਤਾਂ ਵਾਧਾ ਕੀਤਾ ਹੀ ਹੀ ਸਗੋਂ ਸਾਰੇ ਖਪਤਕਾਰਾਂ ਵਾਸਤੇ ਫਿਕਸ ਚਾਰਜਿਜ਼ ਵਿਚ ਵੀ 15 ਰੁਪਏ ਪ੍ਰਤੀ ਕਿਲੋਵਾਟ ਦਾ ਵਾਧਾ ਕੀਤਾ ਹੈ। ਉਹਨਾਂ ਕਿਹਾ ਕਿ ਘਰੇਲੂ ਖਪਤਕਾਰਾਂ ਦੇ ਨਾਲ ਹੀ ਕਮਰਸ਼ੀਅਲ ਤੇ ਉਦਯੋਗਿਕ ਖਪਤਕਾਰਾਂ ਲਈ ਵੀ ਦਰਾਂ ਵਧਾਈਆਂ ਗਈਆਂ ਹਨ ਜਿਸ ਕਾਰਨ ਉਹਨਾਂ ਦਾ ਪੰਜਾਬ ਵਿਚ ਕੰਮ ਕਰਨਾ ਸੌਖਾ ਨਹੀਂ ਰਹਿਣਾ ਤੇ ਇਕ ਵਾਰ ਫਿਰ ਤੋਂ ਇੰਡਸਟਰੀ ਗੁਆਂਢੀ ਰਾਜਾਂ ਵਿਚ ਜਾਣਾ ਸ਼ੁਰੂ ਹੋ ਜਾਵੇਗੀ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਆਪ ਸਰਕਾਰ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਿਸਾਨਾਂ ਲਈ ਕੀਤੀ ਮੁਫਤ ਬਿਜਲੀ ਦੀ ਸਹੂਲਤ ਵੀ ਵਾਪਸ ਲੈਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇਸਨੇ ਖੇਤੀਬਾੜੀ ਸਪਲਾਈ ਵਾਸਤੇ ਪੰਪ ਸੈਟਾਂ ਲਈ ਵੀ ਦਰ 5.66 ਰੁਪਏ ਤੋਂ ਵਧਾ ਕੇ 6.55 ਰੁਪੲ ਪ੍ਰਤੀ ਯੂਨਿਟ ਕਰ ਦਿੱਤੀ ਹੈ ਜਿਸ ਨਾਲ ਪੀ ਐਸ ਪੀ ਸੀ ਐਲ ਨੂੰ ਅਦਾਇਗੀਯੋਗ ਸਬਸਿਡੀ ਹੋਰ ਵੱਧ ਜਾਵੇਗੀ ਜਦੋਂ ਕਿ ਆਪ ਸਰਕਾਰ ਤਾਂ ਪਹਿਲਾਂ ਹੀ ਬਿਜਲੀ ਨਿਗਮ ਦੀ ਡਿਫਾਲਟਰ ਹੈ। ਸਰਦਾਰ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਦੁਰਗਿਆਣਾ ਮੰਦਿਰ ਲਈ ਵੀ ਬਿਜਲੀ ਦਰਾਂ 30 ਪੈਸੇ ਪ੍ਰਤੀ ਯੂਨਿਟ ਵਧਾਈਆਂ ਗਈਆਂ ਹਨ ਤੇ ਉਹਨਾਂ ਮੰਗ ਕੀਤੀ ਕਿ ਇਹ ਤੁਰੰਤ ਵਾਪਸ ਲਈਆਂ ਜਾਣ। ਉਹਨਾਂ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਆਪਣੇ 750 ਕਰੋੜ ਰੁਪਏ ਦੇ ਇਸ਼ਤਿਹਾਰੀ ਬਜਟ ਵਿਚ ਕਟੌਤੀ ਕਰ ਕੇ ਤੇ ਭ੍ਰਿਸ਼ਟਾਚਾਰ ’ਤੇ ਨਕੇਲ ਪਾ ਕੇ ਪੀ ਐਸ ਪੀ ਸੀ ਐਲ ਦੀ ਬਕਾਇਆ ਸਬਸਿਡੀ ਜਾਰੀ ਕਰਨ। ਉਹਨਾਂ ਕਿਹਾ ਕਿ ਪੀ ਐਸ ਪੀ ਸੀ ਐਲ ਨੂੰ ਪੈਸੇ ਦੀ ਬਹੁਤ ਜ਼ਰੂਰਤ ਹੈ;ਤੇ  ਇਸ ਕੋਲ ਟਰਾਂਸਫਾਰਮਾਂ ਤੇ ਗ੍ਰਿਡਾਂ ਦੀ ਰੂਟੀਨ ਮੁਰੰਮਤ ਵਾਸਤੇ ਵੀ ਪੈਸੇ ਨਹੀਂ ਹਨ। ਉਹਨਾਂ ਕਿਹਾ ਕਿ ਇਸਦਾ ਝੋਲੇ ਦੇ ਸੀਜ਼ਨ ਵਿਚ ਕਿਸਾਨਾਂ ਤੇ ਖੇਤੀ ਆਰਥਿਕਤਾ ’ਤੇ ਬਹੁਤ ਮਾੜਾ ਅਸਰ ਪਵੇਗਾ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਪੀ ਐਸ ਪੀ ਸੀ ਐਲ ਨੂੰ ਕੰਗਾਲ ਬਣਾ ਦਿੱਤਾ ਹੈ ਜਦੋਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵੇਲੇ ਇਹ ਨੰਬਰ ਇਕ ਕੰਪਨੀ ਬਣ ਗਿਆ ਸੀ।