ਲੋਕਾਂ ਵੱਲੋਂ ਜਿਨ੍ਹਾਂ ਆਸਾਂ ਅਤੇ ਉਮੀਦਾਂ ਨੂੰ ਲੈ ਕੇ ਸਰਕਾਰ ਬਣਾਈ ਗਈ ਸੀ, ਸਰਕਾਰ ਉਨ੍ਹਾਂ ਨੂੰ ਪੂਰਾ ਕਰਨ ਲਈ ਹਰ ਵੇਲੇ ਯਤਨਸ਼ੀਲ ਹੈ : ਅਨਮੋਲ ਗਗਨ ਮਾਨ ਛਿੰਝ ਮੇਲੇ ਤੇ ਹੋਏ ਮੰਦਰ ਵਿਖੇ ਨਤਮਸਤਕ

  • ਕਿਹਾ ਭਗਵੰਤ ਮਾਨ ਸਰਕਾਰ ਲੋਕ ਹਿੱਤਾਂ ਨੂੰ ਸਮਰਪਿਤ ਹੋ ਕੇ ਕਰ ਰਹੀ ਹੈ ਕੰਮ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਫ਼ਰਵਰੀ : ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ, ਮਹਿਮਾਨ ਨਿਵਾਜ਼ੀ ਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਇੱਥੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕ ਹਿੱਤਾਂ ਨੂੰ ਸਮਰਪਿਤ ਹੋ ਕੇ ਨਿਰੰਤਰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਅੱਜ ਨਯਾ ਗਾਓਂ ਦੇ ਵਾਰਡ ਨੰਬਰ 2 ਤੇ 3, ਨਾਡਾ ਵਿਖੇ ਮਾਤਾ ਸਿੰਘਾ ਦੇਵੀ ਦੇ ਸਥਾਨ ਤੇ ਛਿੰਝ ਮੇਲੇ ਵਿੱਚ ਸ਼ਮੂਲੀਅਤ ਮੌਕੇ ਮਾਤਾ ਸਿੰਘਾ ਦੇਵੀ ਦੇ ਪਵਿੱਤਰ ਸਥਾਨ ਤੇ ਨਤਮਸਤਕ ਹੋ ਕੇ ਆਸ਼ੀਰਵਾਦ ਲੈਣ ਬਾਅਦ ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕਾਂ ਵੱਲੋਂ ਜਿਨ੍ਹਾਂ ਆਸਾਂ ਅਤੇ ਉਮੀਦਾਂ ਨੂੰ ਲੈ ਕੇ ਸਰਕਾਰ ਬਣਾਈ ਗਈ ਸੀ, ਸਰਕਾਰ ਉਨ੍ਹਾਂ ਨੂੰ ਪੂਰਾ ਕਰਨ ਲਈ ਹਰ ਵੇਲੇ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਘਰੇਲੂ ਬਿਜਲੀ ਦੇਣ ਦੇ ਵਾਅਦੇ ਨੂੰ ਅਮਲੀ ਰੂਪ ਦੇਣ ਨਾਲ ਕਰੀਬ 90 ਫੀਸਦੀ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਆਉਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਸਿਹਤ ਤੇ ਸਿੱਖਿਆ ਖੇਤਰ ਚ ਸੁਧਾਰਾਂ ਨੂੰ ਲੈ ਕੇ ਆਮ ਆਦਮੀ ਕਲੀਨਿਕਾਂ ਤੇ ਸਕੂਲ ਆਫ਼ ਐਮੀਨੇਂਸ ਬਣਾਉਣ ਤੋਂ ਬਾਅਦ ਹੁਣ ਪੰਜਾਬ ਭਰ ਦੇ ਉਨ੍ਹਾਂ ਲੋਕਾਂ, ਜਿਨ੍ਹਾਂ ਤੇ ਨਜਾਇਜ਼ ਕਲੋਨੀਆਂ ਵਿਚ ਪਲਾਟ ਲੈਣ ਕਾਰਨ ਉਜਾੜੇ/ਕਾਰਵਾਈ ਦੀ ਤਲਵਾਰ ਲਮਕਦੀ ਸੀ, ਮੁੱਖ ਮੰਤਰੀ ਪੰਜਾਬ ਵੱਲੋਂ ਐਨ ਓ ਸੀ ਦੀ ਸ਼ਰਤ ਖਤਮ ਕਰਨ ਤੋਂ ਬਾਅਦ ਪੰਜਾਬ ਦੇ ਲੱਖਾਂ ਲੋਕਾਂ ਲਈ ਵੱਡੀ ਰਾਹਤ ਬਣ ਕੇ ਆਈ ਹੈ। ਉਹਨਾਂ ਇਲਾਕੇ ਦੇ ਉਹਨਾਂ ਲੋਕਾਂ ਜਿਨ੍ਹਾਂ ਦੇ ਮਕਾਨ ਜੰਗਲਾਤ ਦੀ ਜਮੀਨ ਤੇ ਨਾਜਾਇਜ਼ ਕਾਬਜ਼ ਵਜੋਂ ਹੋਣ ਕਰਨ ਢਾਹੇ ਜਾਣ ਦੇ ਖਤਰੇ ਨਾਲ ਜੂਝ ਰਹੇ ਹਨ, ਨੂੰ ਵੀ ਇਸ ਮਾਮਲੇ ਦੇ ਢੁਕਵੇਂ ਹੱਲ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਇੱਕ ਲੋੜਵੰਦ ਤੱਕ ਮੁਫਤ ਰਾਸ਼ਨ ਦੀ ਸੁਵਿਧਾ ਨੂੰ ਪਹੁੰਚਾਉਣ ਲਈ, ਘਰ-ਘਰ ਮੁਫਤ ਰਾਸ਼ਨ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਹਰ ਇਕ ਲੋੜਵੰਦ ਵਿਅਕਤੀ ਜੋ ਕਿ ਸਮਾਰਟ ਰਾਸ਼ਨ ਕਾਰਡ ਧਾਰਕ ਹੈ, ਦੇ ਘਰ ਜਾ ਕੇ ਮੁਫ਼ਤ ਰਾਸ਼ਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜਿਨਾਂ ਲੋਕਾਂ ਦੇ ਸਮਾਰਟ ਰਾਸ਼ਨ ਕਾਰਡ ਕਿਸੇ ਕਾਰਨ ਕੱਟੇ ਗਏ ਸਨ, ਸਰਕਾਰ ਵੱਲੋਂ ਉਹਨਾਂ ਨੂੰ ਮੁੜ ਤੋਂ ਬਹਾਲ ਕੀਤਾ ਜਾ ਰਿਹਾ ਹੈ। ਸੈਰ ਸਪਾਟਾ ਮੰਤਰੀ ਨੇ ਜਿੱਥੇ ਇਲਾਕੇ ਦੇ ਲੋਕਾਂ ਦਾ, ਉਨਾਂ ਨੂੰ ਵੋਟਾਂ ਪਾ ਕੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਦੇਣ 'ਤੇ ਧੰਨਵਾਦ ਪ੍ਰਗਟਾਇਆ, ਉਥੇ ਨਾਲ ਹੀ ਦੱਸਿਆ ਕਿ ਮਾਤਾ ਸਿੰਘਾ ਦੇਵੀ ਦੇ ਪਵਿੱਤਰ ਸਥਾਨ ਦੇ ਆਲੇ ਦੁਆਲੇ ਦੇ ਵਿਕਾਸ ਲਈ ਇਕ ਕਰੋੜ ਰੁਪਏ ਦੇ ਵਿਕਾਸ ਕਾਰਜ ਉਲੀਕੇ ਗਏ ਹਨ, ਜਿਨ੍ਹਾਂ ਵਿੱਚੋ 75 ਲੱਖ ਰੁਪਏ ਦੇ ਵਿਕਾਸ ਕਾਰਜ ਮਨਜੂਰ ਹੋ ਚੁੱਕੇ ਹਨ। ਉਹਨਾਂ ਇਸ ਮੌਕੇ ਛਿੰਝ ਕਮੇਟੀ ਨੂੰ ਦੋ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।