ਸਿੱਖਿਆ ਬੋਰਡ ਵੱਲੋਂ ਸੂਬੇ ਦੇ 88 ਸਕੂਲਾਂ ਨੂੰ ਨੋਟਿਸ ਜਾਰੀ, ਸਮਰੱਥਾ ਤੋਂ ਵੱਧ ਬੱਚੇ ਦਾਖਲ ਕਰਨ ਦਾ ਮੰਗਿਆ ਜਵਾਬ 

ਚੰਡੀਗੜ੍ਹ, 25 ਅਕਤੂਬਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਦੇ 88 ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਜਾਰੀ ਨੋਟਿਸ ਵਿਚ ਸਕੂਲਾਂ ਤੋਂ ਹਰੇਕ ਕਲਾਸ ਵਿਚ ਤੈਅਸ਼ੁਦਾ ਸਮਰੱਥਾ ਤੋਂ ਵੱਧ ਬੱਚੇ ਦਾਖਲ ਕਰਨ ਦਾ ਜਵਾਬ ਮੰਗਿਆ ਗਿਆ ਹੈ। ਸਕੂਲਾਂ ਤੋਂ ਬੋਰਡ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਦਾ ਕਾਰਨ ਪੁੱਛਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬੋਰਡ ਵੱਲੋਂ ਜਾਰੀ ਹਦਾਇਤਾਂ ਮੁਤਾਬਕ 10ਵੀਂ ਤੇ 12ਵੀਂ ਕਲਾਸ ਵਿਚ 50-50 ਵਿਦਿਆਰਥੀ ਜਦੋਂ ਕਿ ਆਰਟਸ ਲਈ 60 ਵਿਦਿਆਰਥੀ ਦਾਖਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। 5-10 ਵਿਦਿਆਰਥੀ ਜ਼ਿਆਦਾ ਦਾਖਲ ਕਰਨਾ ਤਾਂ ਜਾਇਜ਼ ਹੈ ਪਰ ਇਨ੍ਹਾਂ ਸਕੂਲਾਂ ਵਿਚ ਤੈਅਸ਼ੁਦਾ ਗਿਣਤੀ ਤੋਂ ਕਿਤੇ ਵੱਧ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਦਾਖਲਾ ਦਿੱਤਾ ਗਿਆ ਹੈ। ਇਹ ਵੀ ਨਿਯਮ ਹੈ ਕਿ ਜੇਕਰ ਕਿਸੇ ਕਾਰਨ ਤੋਂ ਕਿਸੇ ਕਲਾਸ ਵਿਚ ਵਿਦਿਆਰਥੀਆਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਇਕ ਵੱਖ ਤੋਂ ਸੈਕਸ਼ਨ ਬਣਾਇਆ ਜਾਵੇ ਤੇ ਉਸ ਲਈ ਨਵੇਂ ਅਧਿਆਪਕ ਦੀ ਭਰਤੀ ਕੀਤੀ ਜਾਵੇ। ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਬੋਰਡ ਵੱਲੋਂ ਸਕੂਲਾਂ ਤੋਂ ਮੰਗਿਆ ਗਿਆ ਹੈ।