ਲਗਾਤਾਰ ਤੀਜੀ ਵਾਰ ਮੱਕੀ ਦੀ ਫਸਲ ਖਰੀਦਣ ਤੋਂ ਨਾਂਹ ਕਰਕੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਸੀਐਮ ਅਸਤੀਫਾ ਦੇਣ: ਸੁਖਬੀਰ ਬਾਦਲ

  • ਕਿਹਾ ਕਿ ਜਿਹੜੇ ਕਿਸਾਨਾਂ ਨੇ ਮੱਕੀ, ਮੂੰਗੀ ਤੇ ਸੂਰਜਮੁਖੀ ਦੀਆਂ ਫਸਲਾਂ ਐਮ ਐਸ ਪੀ ਨਾਲੋਂ ਘੱਟ ਰੇਟ ’ਤੇ ਵੇਚੀਆਂ ਨੂੰ ’ਭਵੰਤਰ’ ਸਕੀਮ ਰਾਹੀਂ ਮੁਆਵਜ਼ਾ ਦਿੱਤਾ ਜਾਵੇ
  • ਮੰਗ ਕੀਤੀ ਕਿ ਸਬਜ਼ੀਆਂ ’ਤੇ ਵੀ ਐਮ ਐਸ ਪੀ ਦਿੱਤੀ ਜਾਵੇ ਅਤੇ ਸਬਜ਼ੀ ਉਤਪਾਦਕਾਂ ਲਈ ਬੀਮਾ ਸਹੂਲਤ ਦਿੱਤੀ ਜਾਵੇ

ਚੰਡੀਗੜ੍ਹ, 11 ਜੁਲਾਈ 2024 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਨੇ ਲਗਾਤਾਰ ਤੀਜੀ ਵਾਰ ਐਮ ਐਸ ਪੀ ’ਤੇ ਮੱਕੀ ਦੀ ਫਸਲ ਖਰੀਣ ਤੋਂ ਇਨਕਾਰ ਕਰ ਕੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ ਹਾਲਾਂਕਿ ਉਹਨਾਂ ਨੇ ਫਸਲ ਖਰੀਦਣ ਦਾ ਵਾਅਦਾ ਕੀਤਾ ਸੀ ਤੇ ਉਹ ਕਿਸਾਨਾਂ ਨੂੰ ਹੋਏ ਵੱਡੇ ਆਰਥਿਕ ਨੁਕਸਾਨ ਲਈ ਇਕੱਲੇ ਹੀ ਜ਼ਿੰਮੇਵਾਰ ਹਨ। ਉਹਨਾਂ ਨੇ ਮੰਗ ਕੀਤੀ ਕਿ ਆਪ ਸਰਕਾਰ ਕਿਸਾਨਾਂ ਨੂੰ ’ਭਵੰਤਰ’ ਸਕੀਮ ਜੋ ਸੂਬੇ ਵਿਚ ਲਾਗੂ ਹੀ ਨਹੀਂ ਕੀਤੀ ਗਈ, ਰਾਹੀਂ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇ। ਉਹਨਾਂ ਕਿਹਾ ਕਿ ਸਾਰੇ ਕਿਸਾਨ ਜਿਹਨਾਂ ਨੇ ਮੱਕੀ, ਮੂੰਗੀ ਤੇ ਸੂਰਜਮੁਖੀ ਦੀ ਫਸਲ ਐਮ ਪੀ ਐਸ ਨਾਲੋਂ ਘੱਟ ਰੇਟ ’ਤੇ ਵੇਚੀ ਹੈ, ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ’ਤੇ ਫਸਲੀ ਵਿਭਿੰਨਤਾ ਦੇ ਨਾਂ ’ਤੇ ਕਿਸਾਨਾਂ ਨਾਲ ਠੱਗੀ ਮਾਰਨ ਦੇ ਦੋਸ਼ ਲਗਾਏ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਕਿਸਾਨਾਂ ਨੂੰ ਮੂੰਗੀ, ਮੱਕੀ ਤੇ ਸੂਰਜਮੁਖੀ ਲਾਉਣ ਲਈ ਉਤਸ਼ਾਹਿਤ ਕੀਤਾ ਤੇ ਉਹਨਾਂ ਨੂੰ ਸਾਰੀਆਂ ਫਸਲਾਂ ਐਮ ਐਸ ਪੀ ’ਤੇ ਖਰੀਦਣ ਦੀ ਗਰੰਟੀ ਦਿੱਤੀ। ਉਹਨਾਂਕਿਹਾ  ਕਿ ਜਦੋਂ ਫਸਲਾਂ ਦੀ ਖਰੀਦ ਦਾ ਸਮਾਂ ਆਇਆ ਤਾਂ ਕਿਸਾਨਾਂ ਨੂੰ ਪ੍ਰਾਈਵੇਟ ਖਿਡਾਰੀਆਂ ਦੇ ਰਹਿਮੋ ਕਰਮ ’ਤੇ ਛੱਡ ਦਿੱਤਾ ਗਿਆ ਤੇ ਉਹਨਾਂ ਨੂੰ ਭਾਰੀ ਘਾਟੇ ਸਹਿਣੇ ਪਏ। ਉਹਨਾਂ ਕਿਹਾ ਕਿ ਆਪ ਸਰਕਾਰ ਦੀ ਫਸਲੀ ਵਿਭਿੰਨਤਾ ਯੋਜਨਾ ਖੇਰੂ ਖੇਰੂ ਹੋ ਗਈ ਹੈ, ਉਸੇ ਤਰੀਕੇ ਜਿਵੇਂ ਮੁੱਖ ਮੰਤਰੀ ਵੱਲੋਂ ਇਹ ਫਸਲਾਂ ਖਰੀਦਣ ਦਾ ਕੀਤਾ ਵਾਅਦਾ ਖਿੰਡ ਪੁੰਡ ਗਿਆ ਹੈ। ਮੱਕੀ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ਸਾਲ ਕੁੱਲ 51 ਲੱਖ ਕੁਇੰਟਲ ਮੱਕੀ ਵੇਚੀ ਗਈ ਜਿਸ ਵਿਚੋਂ 114 ਕੁਇੰਟਲ ਯਾਨੀ ਸਿਰਫ 0.002 ਫੀਸਦੀ ਮੱਕੀ ਦੀ ਖਰੀਦ ਸਰਕਾਰੀ ਏਜੰਸੀਆਂ ਨੇ ਕੀਤੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਕਿਸਾਨਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਜਿਸ ਕਾਰਣ ਮੱਕੀ ਦਾ ਭਾਅ ਮੂਧੇ ਮੂੰਹ ਡਿੱਗਾ ਅਤੇ ਕਿਸਾਨਾਂ ਨੂੰ ਵੱਡੇ ਘਾਟੇ ਸਹਿਣੇ ਪਏ। ਬਾਦਲ ਨੇ ਸਰਕਾਰ ਨੂੰ ਆਖਿਆ ਕਿ ਉਹ ਤੁਰੰਤ ਮਾਮਲੇ ਵਿਚ ਦਖਲ ਦੇਵੇ ਅਤੇ ਸਰਕਾਰੀ ਏਜੰਸੀਆਂ ਨੂੰ ਮੱਕੀ ਦੀ ਖਰੀਦ ਤੁਰੰਤ ਕਰਨ ਦੀ ਹਦਾਇਤ ਕਰੇ। ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕਿਸਾਨਾਂ ਤੋਂ ਉਹਨਾਂ ਨਾਲ ਠੱਗੀ ਮਾਰਨ ਦੀ ਮੁਆਫੀ ਮੰਗਣ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਨਾ ਸਿਰਫ ਕਿਸਾਨਾਂ ਨਾਲ ਧੋਖਾ ਕੀਤਾ ਬਲਕਿ ਬਹੁ ਕਰੋੜੀ ਇਸ਼ਤਿਹਾਰਬਾਜ਼ੀ ਰਾਹੀਂ ਇਸ ’ਪਹਿਲਕਦਮੀ’ ਦਾ ਪ੍ਰਚਾਰ ਕਰ ਕੇ ਸਸਤੀ ਸ਼ੋਹਰਤ ਲੁੱਟ ਕੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ ਸਾਲ 45 ਲੱਖ ਕੁਇੰਟਲ ਮੱਕੀ ਮੰਡੀਆਂ ਵਿਚ ਆਈ ਸੀ ਜਿਸ ਵਿਚੋਂ 44.5 ਲੱਖ ਕੁਇੰਟਲ ਦੀ ਖਰੀਦ ਪ੍ਰਾਈਵੇਟ ਖਿਡਾਰੀਆਂ ਨੇ ਐਮ ਐਸ ਪੀ ਨਾਲੋਂ ਘੱਟ ਦਰਾਂ ’ਤੇ ਖਰੀਦੀ। ਉਹਨਾਂ ਕਿਹਾ ਕਿ ਇਸੇ ਤਰੀਕੇ ਇਸ ਸਾਲ ਮੰਡੀਆਂ ਵਿਚ 2.68 ਲੱਖ ਕੁਇੰਟਲ ਮੰਡੀਆਂ ਵਿਚ ਆਈ ਜਿਸ ਵਿਚੋਂ 2.63 ਲੱਖ ਕੁਇੰਟਲ ਦੀ ਖਰੀਦ ਪ੍ਰਾਈਵੇਟ ਖਿਡਾਰੀਆਂ ਨੇ ਕੀਤੀ। ਬਾਦਲ ਤੋਂ ਇਹ ਵੀ ਮੰਗ ਕੀਤੀ ਕਿ ਉਹ ਸਬਜ਼ੀਆਂ ਲਈ ਐਮ ਐਸ ਪੀ ਤੁਰੰਤ ਸ਼ੁਰੂ ਕਰਨ ਤੇ ਜ਼ੋਰ ਦੇ ਕੇ ਕਿਹਾ ਕਿ  ਕਿਸਾਨਾਂ ਨਾਲ ਵਪਾਰੀ  ਠੱਗੀ ਕਰ ਰਹੇ ਹਨ ਤੇ ਉਹਨਾਂ ਨੂੰ ਘੱਟ ਰੇਟਾਂ ’ਤੇ ਜਿਣਸ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਨੇ ਸਬਜ਼ੀ ਕਿਸਾਨਾਂ ਲਈ ਬੀਮਾ ਯੋਜਨਾ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਤੇ ਕਿਹਾ ਕਿ ਅਕਸਰ ਇਹਨਾਂ ਕਿਸਾਨਾਂ ਨੂੰ ਬੇਮੌਸਮੀ ਬਰਸਾਤਾਂ ਦੀ ਮਾਰ ਝੱਲਣੀ ਪੈਂਦੀ ਹੈ।