ਮਿਸ਼ਨ ਲਾਈਫ ਦੇ ‘ਸਵੱਛਤਾ ਐਕਸ਼ਨ’ ਤਹਿਤ ਘੱਗਰ ਨਦੀ ਦੇ ਕੰਢੇ ਦੀ ਸਫਾਈ ਕੀਤੀ

  • ਘੱਗਰ ਵਿੱਚ ਠੋਸ ਰਹਿੰਦ-ਖੂੰਹਦ ਦੇ ਵਹਾਅ ਨੂੰ ਪੂਰੀ ਤਰ੍ਹਾਂ ਰੋਕਣ ਲਈ ਮਾਨਸੂਨ ਤੋਂ ਪਹਿਲਾਂ ਨੇਪਰੇ ਚਾੜ੍ਹਿਆ ਗਿਆ ਕਾਰਜ: ਮੀਤ ਹੇਅਰ

ਚੰਡੀਗੜ੍ਹ, 25 ਮਈ : ਸਾਇੰਸ ਤਕਨਾਲੋਜੀ ਅਤੇ ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਮਿਸ਼ਨ ਲਾਈਫ਼ ਦੇ ‘ਸਵੱਛਤਾ ਐਕਸ਼ਨ’ ਤਹਿਤ ਕੌਮੀ ਸ਼ਾਹਰਾਹ ਦੇ ਪੁਲ ਨੇੜੇ ਘੱਗਰ ਦਰਿਆ ਦੇ ਕੰਢੇ ਦੀ ਸਫ਼ਾਈ ਲਈ ਮੁਹਿੰਮ ਚਲਾਈ ਗਈ। ਇਸ ਦਾ ਪ੍ਰਗਟਾਵਾ ਕਰਦਿਆਂ ਵਾਤਾਵਰਣ ਮੰਤਰੀ ਨੇ ਦੱਸਿਆ ਕਿ ਇਹ ਕਾਰਜ ਮੌਨਸੂਨ ਸੀਜ਼ਨ ਤੋਂ ਪਹਿਲਾਂ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬਰਸਾਤੀ ਪਾਣੀ ਦੇ ਤੇਜ਼ ਵਹਾਅ ਦੌਰਾਨ ਘੱਗਰ ਦਰਿਆ ਵਿੱਚ ਕੋਈ ਠੋਸ ਰਹਿੰਦ-ਖੂੰਹਦ ਨਾ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਮੁੱਖ ਤਰਜੀਹ ਸਵੱਛ ਅਤੇ ਹਰਿਆ ਭਰਿਆ ਵਾਤਾਵਰਣ ਯਕੀਨੀ ਬਣਾਉਣਾ ਹੈ। ਆਸ-ਪਾਸ ਦੇ ਉਦਯੋਗਾਂ, ਐਮ.ਸੀ. ਡੇਰਾਬੱਸੀ ਅਤੇ ਸਥਾਨਕ ਐਨ.ਜੀ.ਓਜ਼ ਦੇ ਲਗਭਗ 100 ਲੋਕ ਜੇ.ਸੀ.ਬੀ .ਮਸ਼ੀਨ ਅਤੇ ਟਰੈਕਟਰ ਟਰਾਲੀ ਸਮੇਤ ਉਕਤ ਸਫਾਈ ਮੁਹਿੰਮ ਵਿੱਚ ਸ਼ਾਮਲ ਹੋਏ। ਵਲੰਟੀਅਰਾਂ ਵੱਲੋਂ ਦਰਿਆ ਦੇ ਕੰਢੇ ਵੱਡੀ ਮਾਤਰਾ ਵਿੱਚ ਡੰਪ ਕੀਤੇ ਠੋਸ ਕੂੜੇ ਨੂੰ ਸਾਫ਼ ਕੀਤਾ ਗਿਆ ਅਤੇ 10 ਟਰਾਲੀਆਂ ਭਰ ਕੇ ਐਮ.ਸੀ. ਡੇਰਾਬੱਸੀ ਦੀ ਡੰਪ ਸਾਈਟ ਵੱਲ ਭੇਜੀਆਂ ਗਈਆਂ। ਇਸ ਤੋਂ ਇਲਾਵਾ ਇਸ ਥਾਂ ‘ਤੇ ਕੂੜਾ ਨਾ ਸੁੱਟਣ ਦੇ ਨਿਰਦੇਸ਼ਾਂ ਵਾਲੇ ਬੋਰਡ ਵੀ ਲਗਾਏ ਗਏ। ਇਸ ਸਾਰੀ ਕਾਰਵਾਈ ਦੀ ਡਰੋਨ ਕਵਰੇਜ ਵੀ ਕੀਤੀ ਗਈ। ਸਫਾਈ ਅਭਿਆਨ ਦੇ ਸਾਰੇ ਵਲੰਟੀਅਰਾਂ ਨੂੰ ਰਿਫਰੈਸ਼ਮੈਂਟ ਅਤੇ ਕੱਪੜੇ ਦੇ ਥੈਲੇ ਵੰਡੇ।