ਮੁੱਖ ਮੰਤਰੀ ਮਾਨ ਦੇ ਫੈਸਲੇ ਨੇ ਸ੍ਰੀ ਹਰਮੰਦਿਰ ਸਾਹਿਬ ਤੇ ਮੁਗਲਾਂ, ਅੰਗਰੇਜ਼ਾਂ ਤੇ ਇੰਦਰਾ ਗਾਂਧੀ ਦੇ ਜਬਰ ਦੀ ਯਾਦ ਤਾਜ਼ਾ ਕਰਵਾਈ : ਸੁਖਬੀਰ ਬਾਦਲ 

ਅੰਮ੍ਰਿਤਸਰ, 18 ਜੂਨ : ਕੇਜਰੀਵਾਲ ਦੀ "ਆਪ" ਸਰਕਾਰ ਦੇ ਮੁੱਖ ਮੰਤਰੀ ਦਾ ਪਾਵਨ ਸਿੱਖ ਗੁਰਬਾਣੀ ਸੰਬੰਧੀ ਐਲਾਨ ਸਿੱਧਾ ਸਿੱਧਾ ਖਾਲਸਾ ਪੰਥ ਅਤੇ ਸਿੱਖ ਗੁਰਧਾਮਾਂ ਉੱਤੇ ਸਰਕਾਰੀ ਹੱਲਾ ਹੈ। ਇਹ ਘਿਨਾਉਣਾ ਫ਼ੈਸਲਾ ਸਿੱਖ ਸੰਗਤ ਕੋਲੋਂ ਗੁਰਬਾਣੀ ਪ੍ਰਚਾਰ ਦਾ ਹੱਕ ਖੋਹ ਕੇ ਗੁਰਧਾਮਾਂ ਦੇ ਸੰਭਾਲ ਸਰਕਾਰੀ ਕਬਜ਼ੇ ਵਿਚ ਲੈਣ ਵੱਲ ਪਹਿਲਾ ਖ਼ਤਰਨਾਕ ਅਤੇ ਹਿਮਾਕਤ ਭਰਿਆ ਕਦਮ ਹੈ। ਇਸ ਫੈਸਲੇ ਨੇ ਸ੍ਰੀ ਹਰਮੰਦਿਰ ਸਾਹਿਬ ਉੱਤੇ ਮੁਗਲਾਂ, ਅੰਗਰੇਜ਼ਾਂ ਤੇ ਇੰਦਰਾ ਗਾਂਧੀ ਦੇ ਜਬਰ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ, ਪਰ ਖਾਲਸਾ ਪੰਥ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ, ਉਨ੍ਹਾਂ ਕਿਹਾ ਕਿ ਇਸ ਨਾਲ ਇੱਕ ਗੱਲ ਹੋਰ ਵੀ ਉਜਾਗਰ ਹੋ ਗਈ ਹੈ। ਜੋ ਲੋਕ ਕੱਲ ਤੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖ ਕੌਮ ਨੂੰ ਬਾਰ ਬਾਰ ਦਿੱਤੀ ਜਾ ਰਹੀ ਇਸ ਚੇਤਾਵਨੀ ਨੂੰ ਕੇਵਲ ਸਿਆਸੀ ਦੱਸਦੇ ਸਨ ਕਿ ਸਰਕਾਰਾਂ ਸਿੱਖ ਗੁਰਧਾਮਾਂ ਉੱਤੇ ਸਿੱਧਾ ਕਬਜ਼ਾ ਕਰਨ ਦੀਆਂ ਘਿਨਾਉਣੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ, ਅੱਜ ਕੇਜਰੀਵਾਲ ਦੀ ਪਾਰਟੀ ਦੀ ਸਰਕਾਰ ਵੱਲੋਂ ਸ੍ਰੀ ਹਰਮੰਦਿਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਵਾਹ ਉੱਤੇ ਕਬਜ਼ਾ ਕਰਨ ਦੀ ਇਸ ਕੋਝੀ ਸਾਜਿਸ਼ ਨਾਲ ਉਹਨਾਂ ਦੀਆਂ ਅੱਖਾਂ ਖੁਲ ਜਾਣੀਆਂ ਚਾਹੀਦੀਆਂ ਹਨ। ਜੇ ਪਾਵਨ ਗੁਰਬਾਣੀ ਸੰਗਤਾਂ ਤੱਕ ਗੁਰ ਮਰਿਆਦਾ ਅਨੁਸਾਰ ਪਹੁੰਚਾਉਣ ਦਾ ਹੱਕ ਵੀ ਸਿੱਖ ਸੰਗਤ ਅਤੇ ਉਸਦੇ ਚੁਣੇ ਹੋਏ ਨੁਮਾਇੰਦਿਆਂ ਦੀ ਬਜਾਏ ਸਰਕਾਰਾਂ ਨੂੰ ਹੀ ਸੌਂਪਣਾ ਹੁੰਦਾ ਤਾਂ ਗੁਰਧਾਮਾਂ ਨੂੰ ਸਰਕਾਰੀ ਮਸੰਦਾਂ ਤੋਂ ਅਜ਼ਾਦ ਕਰਵਾਉਣ ਲਈ ਸਿੱਖ ਕੌਮ ਨੂੰ ਅਕਹਿ ਤੇ ਅਸਹਿ ਤਸੀਹੇ ਸਹਿਣ ਤੇ ਬੇਸ਼ੁਮਾਰ ਬੇਮਿਸਾਲ ਕੁਰਬਾਨੀਆਂ ਦੀ ਲੋੜ ਹੀ ਕਿਉਂ ਹੁੰਦੀ। ਗੁਰਬਾਣੀ ਦੇ ਪ੍ਰਸਾਰਨ ਸਬੰਧੀ ਭਗਵੰਤ ਮਾਨ ਸਰਕਾਰ ਵੱਲੋਂ ਐਲਾਨਿਆ ਫੈਸਲਾ ਖਾਲਸਾ ਪੰਥ ਦੇ ਗੁਰਧਾਮਾਂ ਉੱਤੇ ਹੀ ਨਹੀ ਬਲਕਿ ਸਿੱਖ ਕੌਮ ਉੱਤੇ ਵੀ ਸਿੱਧਾ ਹਮਲਾ ਹੈ ਅਤੇ ਖਾਲਸਾ ਪੰਥ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ। ਗੈਰ ਪੰਜਾਬੀਆਂ ਤੇ ਗੈਰ ਸਿੱਖਾਂ ਦੇ ਇਸ ਹੱਥ ਠੋਕੇ ਮੁੱਖ ਮੰਤਰੀ ਦਾ ਹੰਕਾਰ ਹੁਣ ਸਭ ਹੱਦਾਂ ਪਾਰ ਕਰ ਗਿਆ ਹੈ ਤੇ ਉਸਨੂੰ ਹੁਣ ਗੁਰੂ ਘਰ ਨਾਲ ਮੱਥਾ ਲਾਉਣ ਵਿੱਚ ਵੀ ਅਕਾਲ ਪੁਰਖ ਅਤੇ ਗੁਰੂ ਦਾ ਕੋਈ ਭੈਅ ਹੀ ਨਹੀਂ ਰਿਹਾ।  ਗ਼ੈਰਸਿੱਖ ਤੇ ਸਿੱਖ ਦੁਸ਼ਮਣ ਅੰਸਰਾਂ ਦਾ ਇਹ ਸੂਬੇਦਾਰ ਹੁਣ ਸਿੱਧਾ ਹੀ ਗੁਰੂ ਘਰ ਨੂੰ ਲਲਕਾਰਨ ਦੀ ਹਿਮਾਕਤ ਕਰ ਰਿਹਾ ਹੈ। ਤਾਕਤ ਨਾਲ ਅੰਨ੍ਹੇ ਹੋਏ ਸਿੱਖ ਦੁਸ਼ਮਣ ਤਾਕਤਾਂ ਦੇ ਇਸ ਹੱਥ ਠੋਕੇ ਵੱਲੋਂ ਦਿੱਤੀ ਇਸ ਹੰਕਾਰੀ ਵੰਗਾਰ ਨੂੰ ਖਾਲਸਾ ਪੰਥ ਸਵੀਕਾਰ ਕਰਦਾ ਹੈ।