ਮੁੱਖ ਮੰਤਰੀ ਦੱਸਣ ਕਿ ਭਰਤੀ ਨਿਯਮਾਂ ਵਿਚ ਤਬਦੀਲੀ ਕਰ ਕੇ ਅਯੋਗ ਪੀਟੀਆਈ ਮਾਸਟਰ ਕੇਡਰ ਅਧਿਆਪਕਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਯਤਨ ਕਿਉਂ ਕੀਤਾ: ਅਕਾਲੀ ਦਲ

  • ਅਕਾਲੀ ਦਲ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਕਲੇਰ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਦੱਸਣ ਕਿ ਕੀ ਅਯੋਗ ਉਮੀਦਵਾਰਾਂ ਦੀ ਨਿਯੁਕਤੀ ’ਪਾਰਦਰਸ਼ਤਾ’ ਦਾ ਉਦਾਹਰਣ ਹੈ। ਹਾਈਕੋਰਟ ਵੱਲੋਂ ਅਯੋਗ ਉਮੀਦਵਾਰਾਂ ਦੀ ਨੂੰ ਸਰਕਾਰੀ ਨੌਕਰੀ ਮਿਲਣ ਤੋਂ ਰੋਕਣ ਦੇ ਫੈਸਲੇ ਦੀ ਕੀਤੀ ਸ਼ਲਾਘਾ

ਚੰਡੀਗੜ੍ਹ, 9 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖਮੰਤਰੀ ਸ੍ਰੀ  ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਆਪ ਸਰਕਾਰ ਨੇ ਪੀ ਟੀ ਆਈ ਮਾਸਟਰ ਕੇਡਰ ਦੇ ਅਧਿਆਪਕਾਂ ਦੀ ਚੋਣ ਵਾਸਤੇ ਭਰਤੀ ਨਿਯਮਾਂ ਵਿਚ ਤਬਦੀਲੀ ਕਿਉਂ ਕੀਤੀ ਅਤੇ ਅਯੋਗ ਉਮੀਦਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਯਤਨ ਕਿਉਂ ਕੀਤਾ? ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਲੀਗਲ ਵਿੰਗ ਦੇ ਪ੍ਰਧਾਨ ਐਡਵਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪੀ ਟੀ ਆਈ ਮਾਸਟਰ ਕੇਡਰ ਅਧਿਆਪਕਾਂ ਦੀ ਭਰਤੀ ਵੇਲੇ ਆਪ ਸਰਕਾਰ ਨੇ ਵਿਸ਼ੇਸ਼ ਤੌਰ ’ਤੇ ਇਸ਼ਤਿਹਾਰ ਦਿੱਤਾਸੀ  ਕਿ ਸਿਰਫ ਉਹੀ ਉਮੀਦਵਾਰ ਨਿਯੁਕਤੀਆਂ ਲਈ ਵਿਚਾਰੇ ਜਾਣਗੇ ਜਿਹਨਾਂ ਨੇ ਪੰਜਾਬ ਸਟੇਟ ਟੀ ਈ ਟੀ 2 ਪ੍ਰੀਖਿਆ ਪਾਸ ਕੀਤੀ ਹੋਵੇਗੀ। ਉਹਨਾਂ ਕਿਹਾ ਕਿ ਯੋਗ ਅਧਿਆਪਕਾਂ ਨੂੰ ਉਹਨਾਂ ਦੇ ਦਸਤਾਵੇਜ਼ਾਂ ਦੀ ਘੋਖ ਵਾਸਤੇ 10 ਦਸੰਬਰ 2022 ਨੂੰ ਸੱਦਿਆ ਗਿਆ ਸੀ ਤੇ ਇਹਨਾਂ ਦੀ ਘੋਖ ਕੀਤੀ ਗਈ। ਐਡਵੋਕੇਟ ਅਰਸ਼ਦੀਪ ਕਲੇਰ ਨੇ ਕਿਹਾ ਕਿ ਬਜਾਏ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੇ ਸਰਕਾਰ ਨੇ ਚੁੱਪੀ ਵੱਟ ਲਈ ਤੇ ਭਰਤੀ ਪ੍ਰਕਿਰਿਆ ’ਤੇ ਨਜ਼ਰਸਾਨੀ ਵਾਸਤੇ ਇਕ ਕਮੇਟੀ ਗਠਿਤ ਕਰ ਦਿੱਤੀ। ਉਹਨਾਂ ਕਿਹਾ ਕਿ ਇਸ ਮਗਰੋਂ ਇਸ ਸਾਲ 26 ਜੁਲਾਈ ਨੂੰ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੋ ਸਰਕਾਰ ਦੀ ਵੈਬਸਾਈਟ ’ਤੇ ਤਿੰਨ ਦਿਨ ਮਗਰੋਂ ਪਾ ਕੇ ਕਿਹਾ ਗਿਆ ਕਿ ਜਿਹਨਾਂ ਨੇ ਪੰਜਾਬ ਸਟੇਟ ਟੀ ਈ ਟੀ 2 ਪ੍ਰੀਖਿਆ ਨਹੀਂ ਕੀਤੀ, ਉਹ ਵੀ ਨਿਯੁਕਤੀ ਲਈ ਯੋਗ ਹੋਣਗੇ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਸ ਤੋਂ ਅਗਲੇ ਹੀ ਦਿਨ ਸਰਕਾਰ ਨੇ ਨਵੇਂ ਅਯੋਗ ਉਮੀਦਵਾਰਾਂ ਨੂੰ ਸਟੇਸ਼ਨ ਅਲਾਟ ਕਰ ਕੇ ਉਹਨਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਯਤਨ ਕੀਤਾ ਜਦੋਂ ਕਿ ਉਹਨਾਂ ਦੀ ਭਰਤੀ ਪ੍ਰਕਿਰਿਆ ਅਸਲ ਤਰੀਕੇ ਪੂਰੀ ਹੀ ਨਹੀਂ ਕੀਤੀ ਗਈ। ਐਡਵੋਕੇਟ ਕਲੇਰ ਨੇ ਕਿਹਾ ਕਿ ਪੀੜ੍ਹਤ ਉਮੀਦਵਾਰਾਂ ਨੇ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੱਗੇ ਚੁੱਕਿਆ ਜਿਸਨੇ ਅਯੋਗ ਉਮੀਦਵਾਰਾਂ ਦੀ ਨਿਯੁਕਤੀ ’ਤੇ ਰੋਕ ਲਗਾ ਦਿੱਤੀ ਤੇ ਸਰਕਾਰ ਨੂੰ ਪੁੱਛਿਆ ਕਿ ਇਸਨੇ ਆਪਣੇ ਹੀ ਨਿਯਮਾਂ ਵਿਚ ਤਬਦੀਲੀ ਕਿਉਂ ਕੀਤੀ ? ਐਡਵੋਕੇਟ ਕਲੇਰ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਦੱਸਣ ਕਿ ਕੀ ਅਯੋਗ ਉਮੀਦਵਾਰਾਂ ਦੀ ਸਰਕਾਰੀ ਨੌਕਰੀ ਵਿਚ ਨਿਯੁਕਤੀ ਉਹਨਾਂ ਦੀ ਅਸਲ ’ਪਾਰਦਰਸ਼ਤਾ’ ਹੈ। ਉਹਨਾਂ ਕਿਹਾ ਕਿ ਚੋਣ ਪ੍ਰਕਿਰਿਆ ਪਾਰਦਰਸ਼ੀ ਹੁੰਦੀ ਤਾਂ ਇਸਨੂੰ ਹਾਈ ਕੋਰਟ ਵਿਚ ਚੁਣੌਤੀ ਨਹੀਂ ਦਿੱਤੀ ਜਾਣੀ ਸੀ। ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਚੁਣੌਤੀ ਦਿੱਤੀ ਕਿ ਯੋਗ ਉਮੀਦਵਾਰਾਂ ਦੇ ਦਾਅਵੇ ਨੂੰ ਝੁਠਲਾ ਕੇ ਵਿਖਾਉਣ ਕਿ ਭਰਤੀ ਪ੍ਰਕਿਰਿਆ ਦੌਰਾਨ ਮੈਰੀਟੋਰੀਅਸ ਉਮੀਦਵਾਰਾਂ ਦੀ ਥਾਂ ਸਰਕਾਰ ਨੇ ਆਪਣੇ ਚਹੇਤਿਆਂ ਦੀ ਭਰਤੀ ਕਰਨ ਦਾ ਯਤਨ ਕਰ ਕੇ ਪੂਰੀ ਪ੍ਰਕਿਰਿਆ ਨੂੰ ਗੰਧਲਾ ਕੀਤਾ ਹੈ। ਉਹਨਾਂ ਨੇ ਪੀੜ੍ਹਤ ਉਮੀਦਵਾਰਾਂ ਨੂੰ ਅਕਾਲੀ ਦਲ ਵੱਲੋਂ ਪੂਰਨ ਕਾਨੂੰਨੀ ਸਹਾਇਤਾ ਦੇਣ ਦਾ ਭਰੋਸਾ ਦੁਆਇਆ। ਇਸ ਦੌਰਾਨ ਯੋਗ ਪੀ ਟੀ ਆਈ ਮਾਸਟਰ ਕੇਡਰ ਉਮੀਦਵਾਰਾਂ ਸਰਦੂਲ ਸਿੰਘ ਤੇ ਅਮਨਦੀਪ ਸਿੰਘ ਜਿਹਨਾਂ ਨੇ ਮੀਡੀਆ ਨੂੰ ਸੰਬੋਧਨ ਕੀਤਾ, ਨੇ ਦੱਸਿਆ‌ ਕਿ ਉਹਨਾਂ ਨੂੰ ਜਦੋਂ ਸਿੱਖਿਆ ਮੰਤਰੀ ਸ੍ਰੀ ਹਰਜੋਤ ਬੈਂਸ ਨੇ ਝਾੜ ਪਾਈ ਤਾਂ ਉਹਨਾਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕੋਲ ਪਹੁੰਚ ਕੀਤੀ। ਉਮੀਦਵਾਰਾਂ ਨੇ ਦੱਸਿਆ ਕਿ ਜਦੋਂ ਉਹ ਸਿੱਖਿਆ ਮੰਤਰੀ ਕੋਲ ਗਏ ਸਨ ਤਾਂ ਮੰਤਰੀ ਨੇ ਉਹਨਾਂ ਨੂੰ ਆਖਿਆ ਕਿ ਤੁਹਾਡੇ ਨਾਲ ਦੇ ਪਾਣੀ ਦੀਆਂ ਟੈਂਕੀਆਂ ’ਤੇ ਚੜ੍ਹ ਗਏ ਹਨ ਜਾ ਕੇਤੁਸੀਂ  ਵੀ ਚੜ੍ਹ ਜਾਵੋ। ਇਸ ਮੌਕੇ ਹਾਜ਼ਰ ਵੱਡੀ ਗਿਣਤੀ ਵਿਚ ਹੋਰ ਯੋਗ ਉਮੀਦਵਾਰਾਂ ਨੇ ਆਖਿਆ ਕਿ ਹੁਣ ਅਸੀਂ ਉਦੋਂ ਤੱਕ ਸੰਘਰਸ਼ ਕਰਾਂਗੇ ਜਦੋਂ ਤੱਕ ਹਰਜੋਤ ਬੈਂਸ ਸਾਨੂੰ ਇਹ ਨਹੀਂ ਦੱਸਦੇ ਕਿ ਸਰਕਾਰ ਨੇ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀ ਮਿਲਣ ਤੋਂ ਰੋਕਣ ਵਾਸਤੇ ਨਿਯਮਾਂ ਵਿਚ ਸੋਧ ਕਿਉਂ ਕੀਤੀ।