ਸੁਖਬੀਰ ਬਾਦਲ ਖਿਲਾਫ ਲਾਏ ਦੋਸ਼ਾਂ ਦੇ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਕੇਸ ਦਰਜ ਕਰਨ ਜਾਂ ਫਿਰ ਮੁਆਫੀ ਮੰਗਣ : ਐਡਵੋਕੇਟ ਕਲੇਰ 

  • ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਤਾਂ ਫਿਰ ਉਹ ਮਾਣਹਾਨੀ ਦੇ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ

ਚੰਡੀਗੜ੍ਹ, 29 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਲਗਾਏ ਦੋਸ਼ਾਂ ਲਈ ਮੁਆਫੀ ਮੰਗਣ ਜਾਂ ਫਿਰ ਇਹ ਝੂਠੇ ਦੋਸ਼ਾਂ ਲਈ ਮਾਣਹਾਨੀ ਦੇ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸੁਖ ਵਿਲਾਸ ਹੋਟਲ ਨੂੰ ਝੂਠੇ ਦੋਸ਼ ਸਿਰਫ ਤੇ ਸਿਰਫ ਹਰਿਆਣਾ ਪੁਲਿਸ ਵੱਲੋਂ ਗੋਲੀ ਮਾਰ ਕੇ ਸ਼ਹੀਦ ਕੀਤੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ਵਿਚ ਗਲਤ ਦਰਜ ਕੀਤੀ ਗਈ ਜ਼ੀਰੋ ਐਫ ਆਈ ਆਰ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਲਗਾਏ ਗਏ ਹਨ। ਅਕਾਲੀ ਦਲ ਦੇ ਬੁਲਾਰੇ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਮੁੱਖ ਮੰਤਰੀ ਨੇ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਅਜਿਹੀ ਤਰਕੀਬ ਖੇਡੀ ਹੋਵੇ। ਉਹਨਾਂ ਕਿਹਾ ਕਿ ਪਹਿਲਾਂ ਸ੍ਰੀ ਭਗਵੰਤ ਮਾਨ ਨੇ ਜਦੋਂ ਇਹ ਦੋਸ਼ ਲਗਾਏ ਸਨ ਕਿ ਸਾਬਕਾ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਇਕ ਖਿਡਾਰੀ ਤੋਂ 2 ਕਰੋੜ ਰੁਪਏ ਰਿਸ਼ਵਤ ਮੰਗੀ ਸੀ ਤਾਂ ਉਦੋਂ ਵੀ ਅਜਿਹੀ ਹੀ ਹਰਕਤ ਕੀਤੀ ਸੀ । ਉਹਨਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਨੇ ਝੂਠਾ ਦਾਅਵਾ ਕੀਤਾ ਸੀ ਕਿ ਗੈਂਗਸਟਰ ਗੋਲਡੀ ਬਰਾੜ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਹ ਵੀ ਦਾਅਵਾ ਕੀਤਾ ਸੀ ਕਿ ਬੀ ਐਮ ਡਬਲਿਊ ਕੰਪਨੀ ਪੰਜਾਬ ਵਿਚ ਪਲਾਂਟ ਲਗਾਵੇਗੀ। ਉਹਨਾਂ ਕਿਹਾ ਕਿ ਅਜਿਹੇ ਸਾਰੇ ਝੂਠੇ ਦਾਅਵੇ ਕਰਨ ਦਾ ਮਕਸਦ ਲੋਕਾਂ ਦਾ ਸੂਬੇ ਦੇ ਭਖਵੇਂ ਮੁੱਦਿਆਂ ਤੋਂ ਧਿਆਨ ਪਾਸੇ ਕਰਨਾ ਹੈ। ਅਕਾਲੀ ਦਲ ਦੇ ਬੁਲਾਰੇ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਦੱਸਣ ਕਿ ਉਹ ਬੇਵੱਸ ਕਿਉਂ ਹਨ ਤੇ ਉਹਨਾਂ ਨੇ ਲਗਾਏ ਦੋਸ਼ਾਂ ਦੇ ਮਾਮਲੇ ਵਿਚ ਕੇਸ ਦਰਜ ਕਰਨ ਦੇ ਹੁਕਮ ਕਿਉਂ ਨਹੀਂ ਦਿੱਤੇ ? ਉਹਨਾਂ ਕਿਹਾ ਕਿ ਵਿਜੀਲੈਂਸ ਵਿਭਾਗ ਵੀ ਮੁੱਖ ਮੰਤਰੀ ਦੇ ਅਧੀਨ ਹੈ। ਉਹਨਾਂ ਕਿਹਾ ਕਿ ਦੋ ਸਾਲਾਂ ਤੋਂ ਉਹਨਾਂ ਕੇਸ ਦਰਜ ਕਰਨ ਦੇ ਹੁਕਮ ਕਿਉਂ ਨਹੀਂ ਦਿੱਤੇ? ਐਡਵੋਕੇਟ ਕਲੇਰ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਜਾਂ ਤਾਂ ਉਹ ਤੁਰੰਤ ਕੇਸ ਦਰਜ ਕਰਨ ਜਾਂ ਫਿਰ ਅਦਾਲਤ ਵਿਚ ਆਪਣੇ ਝੂਠਾਂ ਦਾ ਜਵਾਬ ਦੇਣ ਲਈ ਤਿਆਰ ਰਹਿਣ। ਉਹਨਾਂ ਕਿਹਾ ਕਿ ਕੇਸ ਦੇ ਅਸਲ ਤੱਥਾਂ ਸਮੇਤ ਭਲਕੇ ਪੂਰਾ ਵਿਸਥਾਰਿਤ ਜਵਾਬ ਵੱਖਰੇ ਤੌਰ ’ਤੇ ਦਿੱਤਾ ਜਾਵੇਗਾ।