ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਪਾਲ ਪੁਰੋਹਿਤ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਣਾ ਚਾਹੀਦਾ ਹੈ : ਰਾਜਾ ਵੜਿੰਗ

ਚੰਡੀਗੜ੍ਹ, 16 ਫਰਵਰੀ : ਰਾਜਪਾਲ ਬਰਨਵਾਰੀ ਲਾਲ ਪੁਰੋਹਿਤ ਅਤੇ ਪੰਜਾਬ ਦੇ ਮੁੱਖ ਮੰਤਰੀ ਵਿੱਚ ਚੱਲ ਰਹੇ ਵਿਵਾਦ ਸਬੰਧੀ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਪਾਲ ਪੁਰੋਹਿਤ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਪੰਜਾਬ ਦਾ ਵਿਸ਼ਾ ਕਹਿ ਕੇ ਮਾਮਲੇ ਨੂੰ ਘੁਮਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਪ੍ਰਧਾਨ ਵੜਿੰਗ ਨੇ ਕਿਹਾ ਕਿ ਰਾਜਪਾਲ ਪੁਰੋਹਿਤ ਦੀ ਨਿਯੁਕਤੀ ਬਾਰੇ ਜੋ ਮੁੱਖ ਮੰਤਰੀ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਉਸ ਦਾ ਕੋਈ ਕਾਰਨ ਜਾਂ ਤਰਕ ਨਹੀਂ ਹੈ। ਵੜਿੰਗ ਨੇ ਕਿਹਾ ਕਿ ਸੀਐਮ ਮਾਨ ਦੀ ਪੰਜਾਬ ਦੇ ਲੋਕਾਂ ਪ੍ਰਤੀ ਜਵਾਬਦੇਹੀ ਹੈ, ਪਰ ਰਾਜਪਾਲ ਵੱਲੋਂ ਉਠਾਏ ਗਏ ਮੁੱਦਿਆਂ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਸੰਵਿਧਾਨਕ ਦਾਇਰੇ ਵਿਚ ਰਹਿ ਕੇ ਰਾਜਪਾਲ ਵੱਲੋਂ ਮੁੱਦੇ ਉਠਾਏ ਗਏ ਹਨ। ਉਨ੍ਹਾਂ ਪੰਜਾਬ ਦੀ 'ਆਪ' ਸਰਕਾਰ ਨੂੰ ਦਿੱਲੀ ਦੀ ਤਰਜ਼ 'ਤੇ ਰਾਜਪਾਲ ਜਾਂ ਕੇਂਦਰ ਨਾਲ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਣ ਦੀ ਸਲਾਹ ਦਿੱਤੀ। ਵੜਿੰਗ ਨੇ ਪੰਜਾਬ ਦੀ ਬਿਹਤਰੀ ਲਈ ਦਿੱਲੀ ਮਾਡਲ ਨਾ ਅਪਣਾਉਣ ਦਾ ਸੁਝਾਅ ਦਿੱਤਾ ਹੈ।  ਰਾਜਾ ਵੜਿੰਗ ਨੇ ਪੰਜਾਬ ਵਿਚ "ਆਮ ਆਦਮੀ ਕਲੀਨਿਕਾਂ" ਵਜੋਂ ਮੁੜ-ਬ੍ਰਾਂਡਿੰਗ ਕਰਕੇ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਨੈਸ਼ਨਲ ਹੈਲਥ ਮਿਸ਼ਨ (NHM) ਫੰਡਾਂ ਨੂੰ ਰੋਕਣ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਨੇ ਮੁੱਖ ਮੰਤਰੀ ਮਾਨ ਨੂੰ ਸਵਾਲ ਕੀਤਾ ਕਿ ਜਦੋਂ ਪੰਜਾਬ ਪਹਿਲਾਂ ਹੀ ਅਜਿਹੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤਾਂ ਅਸੀਂ ਕੇਂਦਰ ਨਾਲ ਬੇਲੋੜੇ ਟਕਰਾਅ ਤੋਂ ਬਚ ਕੇ ਸਹਾਇਕ ਫੰਡਾਂ ਨੂੰ ਖ਼ਤਮ ਕਿਉਂ ਨਹੀਂ ਕਰ ਸਕਦੇ। ਉਨ੍ਹਾਂ ਮੁੱਖ ਮੰਤਰੀ ਨੂੰ ਪੰਜਾਬ ਦੇ ਹਿੱਤ ਵਿਚ ਆਪਣੀ ਰਣਨੀਤੀ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਪੰਜਾਬ ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਦਾ ਪੁਰਜ਼ੋਰ ਸਮਰਥਨ ਕਰੇਗੀ, ਪਰ ਕਾਂਗਰਸ ਰਾਜਪਾਲ ਜਾਂ ਕੇਂਦਰ ਨਾਲ ਕਿਸੇ ਵੀ ਤਰ੍ਹਾਂ ਦੇ ਬੇਲੋੜੇ ਟਕਰਾਅ ਦੀ ਹਮਾਇਤ ਨਹੀਂ ਕਰੇਗੀ।