ਬਦਲਾਅ ਸਰਕਾਰ ਨੇ ਕੇਜਰੀਵਾਲ ਦੀ ਭੈਣ ਸਿਪੀ ਸ਼ਰਮਾ ਨੂੰ ਕੀਤਾ ਘਰ 'ਚ ਨਜ਼ਰਬੰਦ, ਰਿਸ਼ਤਾ ਨਿਭਾਉਣ ਦਾ ਵਿਲੱਖਣ ਤਰੀਕਾ : ਬਿਕਰਮ ਮਜੀਠੀਆ 

ਚੰਡੀਗੜ੍ਹ, 13 ਸਤੰਬਰ : ਆਪ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ 'ਚ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰ ਰਹੇ ਹਨ। ਇਸ ਤੋਂ ਪਹਿਲਾਂ ਅੱਜ ਸਵੇਰੇ ਮਾਨਸਾ ਵਿੱਚ 646 ਬੇਰੁਜ਼ਗਾਰ ਪੀਟੀਆਈ ਯੂਨੀਅਨ ਦੇ ਪ੍ਰਧਾਨ ਗੁਰਲਾਬ ਸਿੰਘ ਤੇ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਤਰਾਂ ਮੁਤਾਬਕ ਪੰਜਾਬ ਪੁਲਿਸ ਨੂੰ ਖਦਸ਼ਾ ਹੈ ਕਿ ਆਪਣੇ ਸਮਰਥਕਾਂ ਨਾਲ ਇਹ ਆਗੂ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਰੈਲੀ ਵਿੱਚ ਵਿਘਨ ਪਾ ਸਕਦੇ ਹਨ। ਉਧਰ, ਸਿੱਪੀ ਸ਼ਰਮਾ ਦੀ ਨਜ਼ਰਬੰਦੀ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੋਧੀ ਨਿਸ਼ਾਨੇ 'ਤੇ ਆ ਗਏ ਹਨ। ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਵਿਅੰਗ ਕਰਦਿਆਂ ਕਿਹਾ, ਮੈਂ ਤੁਹਾਨੂੰ ਯਾਦ ਕਰਵਾ ਰਿਹਾ ਹਾਂ, ਸਿੱਪੀ ਸ਼ਰਮਾ ਉਹੀ 646 ਬੇਰੁਜ਼ਗਾਰ ਪੀਟੀਆਈ ਯੂਨੀਅਨ ਦੇ ਮੈਂਬਰ ਹਨ, ਜਿਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਨੇ 2021 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਭੈਣ ਬਣਾ ਲਿਆ ਸੀ। ਸਿੱਪੀ ਸ਼ਰਮਾ ਨੇ ਆਪਣੀ ਤਸਵੀਰ ਜਾਰੀ ਕਰਕੇ ਮੰਗ ਕੀਤੀ ਹੈ ਕਿ ਅੱਜ ਉਨ੍ਹਾਂ ਦੀ ਭੈਣ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹੈ। ਉਸ ਨੂੰ ਮਿਲਣ ਤਾਂ ਦੂਰ ਸਗੋਂ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਮਜੀਠੀਆ ਨੇ ਫੇਸਬੁੱਕ ਉਪਰ ਆਪਣੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਬਦਲਾਅ ਸਰਕਾਰ ਨੇ ਅਰਵਿੰਦ ਕੇਜਰੀਵਾਲ ਦੀ ਭੈਣ ਸਿਪੀ ਸ਼ਰਮਾ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ ਤਾਂ ਜੋ ਉਹ ਕੇਜਰੀਵਾਲ ਖਿਲਾਫ ਰੋਸ ਪ੍ਰਦਰਸ਼ਨ ਨਾ ਕਰ ਸਕੇ। ਰਿਸ਼ਤਾ ਨਿਭਾਉਣ ਦਾ ਵਿਲੱਖਣ ਤਰੀਕਾ !

ਕੀ ਇਹ ਕਾਰਵਾਈਆਂ ਪਿਛਲੀਆਂ ਸਰਕਾਰਾਂ ਨਾਲੋਂ ਕੁਝ ਵੱਖਰੀਆਂ ਹਨ? : ਖਹਿਰਾ 
ਕਾਂਗਰਸੀ ਲੀਡਰ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਅੰਮ੍ਰਿਤਸਰ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਸਪਾਂਸਰਡ ਰੈਲੀ 'ਚ ਵਿਰੋਧ ਦੇ ਡਰੋਂ ਭਗਵੰਤ ਮਾਨ ਤੇ ਹਰਜੋਤ ਬੈਂਸ ਦੇ ਹੁਕਮਾਂ 'ਤੇ ਅੱਜ ਸਵੇਰੇ ਮਾਨਸਾ ਵਿੱਚ 646 ਬੇਰੁਜ਼ਗਾਰ ਪੀਟੀਆਈ ਯੂਨੀਅਨ ਦੇ ਪ੍ਰਧਾਨ ਗੁਰਲਾਬ ਸਿੰਘ ਤੇ ਅਰਵਿੰਦ ਕੇਜਰੀਵਾਲ ਦੀ ਸਾਬਕਾ ਭੈਣ ਸਿੱਪੀ ਸ਼ਰਮਾ ਦੀ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ ਕਰਦੇ ਹਾਂ। ਕੀ ਇਹ ਕਾਰਵਾਈਆਂ ਪਿਛਲੀਆਂ ਸਰਕਾਰਾਂ ਨਾਲੋਂ ਕੁਝ ਵੱਖਰੀਆਂ ਹਨ? 

ਮਿੱਤਰੋ ਅੱਜ ਬਦਲਾਅ ਸੱਚ-ਮੁੱਚ ਦੇਖਿਆ : ਅਰਵਿੰਦਰ ਗਿੱਲ
ਯਨੀਅਨ ਦੇ ਫੇਸਬੁਕ 'ਤੇ ਪੋਸਟ ਵਿੱਚ ਕਿਹਾ ਗਿਆ ਹੈ ਕਿ ਮਿੱਤਰੋ ਅੱਜ ਬਦਲਾਅ ਸੱਚ-ਮੁੱਚ ਦੇਖਿਆ ਗਿਆ, ਪਿਛਲੇ 70 ਸਾਲਾਂ ਵਿੱਚ ਕਦੇ ਵੀ ਇਹ ਨਹੀਂ ਹੋਇਆ ਕਿਸੇ ਜਥੇਬੰਦੀ ਦੇ ਆਗੂਆਂ ਨੂੰ ਉਨ੍ਹਾਂ ਦੇ ਪ੍ਰੋਟੈਸਟ ਕਰਨ ਤੋਂ ਪਹਿਲਾਂ ਹੀ ਚੁੱਕ ਲਿਆ ਗਿਆ ਹੋਵੇ ...ਬਦਲਾਅ ਵਾਲੀ ਸਰਕਾਰ ਇੰਨੀ ਕੁ ਬੌਂਦਲ ਚੁੱਕੀ ਹੈ, ਘਰਾਂ ਵਿੱਚੋਂ ਹੀ ਪੁਲਸ ਵਲੋਂ ਚੁੱਕ ਲਿਆ ਜਾਂਦਾ ਹੈ, ਇੱਕ ਤਾਂ ਬੇਰੁਜ਼ਗਾਰ ਉੱਪਰੋ ਦਿਮਾਗੀ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਘਟੀਆ ਸਰਕਾਰ ਵੱਲੋਂ, ਕੀ ਅਸੀਂ ਇਹੀ ਬਦਲਾਅ ਚੁਣ ਕੇ ਵੋਟਾਂ ਪਾਈਆਂ ਸਨ ? ਕੀ ਰੋਜ਼ਗਾਰ ਮੰਗਣਾ ਗੁਨਾਹ ਹੈ ? ਇਹ ਪਹਿਲੀ ਵਾਰ ਦੇਖਿਆ ਹੈ ਕਿ ਕਿਸੇ ਬੇਰੁਜ਼ਗਾਰ ਜੱਥੇਬੰਦੀ ਦੇ ਆਗੂਆਂ ਨੂੰ ਪੁਲਿਸ ਨਜਾਇਜ਼ ਤੰਗ ਪਰੇਸ਼ਾਨ ਕਰ ਰਹੀ ਹੋਵੇ, ਪ੍ਰੰਤੂ ਜਿਨ੍ਹਾਂ ਨੇ ਸੰਘਰਸ਼ ਦਾ ਰਾਹ ਚੁਣਿਆ ਹੋਵੇ ਡਰਦੇ ਨਹੀਂ ਹੁੰਦੇ। ਉਹ ਤਾਂ ਹਮੇਸ਼ਾ ਦੀ ਤਰ੍ਹਾਂ ਲੜਨ ਦਾ ਰਾਹ ਹੀ ਚੁਣਦੇ ਹਨ... ਸੋ 646 ਵਾਲੇ ਪੀਟੀਆਈ ਸਾਥੀਆਂ ਨੂੰ ਕਹਿਣਾ ਚਾਹੂੰਗਾ ਹੁਣ ਆਪਾਂ ਨੂੰ ਜਬਰਦਸਤ ਅਤੇ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਜੂਝਣਾ ਤੇ ਮਰਨਾ ਪੈਣਾ... ਸੋ ਸਾਥੀਓ ਉਠੋ ਅਤੇ ਆਪਣੀਆਂ ਪੋਸਟਾਂ ਲਈ ਸੰਘਰਸ਼ ਕਰੋ, ਤਾਂ ਕਿ ਮਾਨ ਸਰਕਾਰ ਨੂੰ ਮੂੰਹ ਤੋੜ ਜਵਾਬ ਦੇ ਸਕੀਏ, ਧੰਨਵਾਦ.........ਜੈ ਜਨਤਾ, ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ। ਵੱਲੋਂ ਅਰਵਿੰਦਰ ਗਿੱਲ