ਚੰਡੀਗੜ੍ਹ ਯੂਨੀਵਰਸਿਟੀ ‘ਚ ਵਿਦਿਆਰਥੀਆਂ ਨੇ ਪ੍ਰੋਫੈਸਰ ‘ਤੇ ਲਾਠੀਆਂ ਨਾਲ ਕੀਤਾ ਹਮਲਾ

ਚੰਡੀਗੜ੍ਹ, 20 ਮਈ : ਚੰਡੀਗੜ੍ਹ ਯੂਨੀਵਰਸਿਟੀ ‘ਚ ਹਾਜ਼ਰੀ ਪੂਰੀ ਨਾ ਕਰਨ ‘ਤੇ 5-6 ਵਿਦਿਆਰਥੀਆਂ ਨੇ ਮਿਲ ਕੇ ਪ੍ਰੋਫੈਸਰ ‘ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੇ ਹੱਥ ਅਤੇ ਪੈਰ ਦੀ ਹੱਡੀ ਤੋੜ ਦਿੱਤੀ। ਅਸਿਸਟੈਂਟ ਪ੍ਰੋਫੈਸਰ ਇਰਸ਼ਾਦ ਮਲਿਕ ਨੂੰ ਗੰਭੀਰ ਹਾਲਤ ‘ਚ GMCH-32 ‘ਚ ਭਰਤੀ ਕਰਵਾਇਆ ਗਿਆ ਹੈ। ਇਹ ਮਾਮਲਾ 17 ਮਈ ਸ਼ਾਮ 4:30 ਵਜੇ ਦਾ ਹੈ। ਖਰੜ ਸਿਟੀ ਪੁਲੀਸ ਨੇ ਮੁਲਜ਼ਮ ਵਿਦਿਆਰਥੀ ਪੁਨੀਤ ਯਾਦਵ ਅਤੇ ਪੰਜ-ਛੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਇਸ ਮਾਮਲੇ ‘ਚ ਪੁਨੀਤ ਯਾਦਵ ਅਤੇ ਅਰਲੀਲ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਓਮੇਗਾ ਸਿਟੀ ਖਰੜ ਦੇ ਰਹਿਣ ਵਾਲੇ ਪ੍ਰੋ. ਇਰਸ਼ਾਦ ਮਲਿਕ ਪਿਛਲੇ 10 ਸਾਲਾਂ ਤੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਸਿਵਲ ਇੰਜਨੀਅਰਿੰਗ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਤਾਇਨਾਤ ਹਨ। ਇਰਸ਼ਾਦ ਮਲਿਕ ਦੀ ਜਮਾਤ ਵਿੱਚ ਪੜ੍ਹਦਾ ਵਿਦਿਆਰਥੀ ਪੁਨੀਤ ਯਾਦਵ ਕਈ ਦਿਨਾਂ ਤੋਂ ਆਪਣੀ ਹਾਜ਼ਰੀ ਪੂਰੀ ਕਰਨ ਲਈ ਦਬਾਅ ਪਾ ਰਿਹਾ ਸੀ ਪਰ ਪ੍ਰੋਫੈਸਰ ਨੇ ਯੂਨੀਵਰਸਿਟੀ ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਇਹਨਾਂ ਵਿਦਿਆਰਥੀਆਂ ਵੱਲੋਂ ਪ੍ਰੋਫੈਸਰ ਨਾਲ ਕੁੱਟਮਾਰ ਕੀਤੀ ਗਈ।