ਚੰਡੀਗੜ੍ਹ ਮੇਅਰ ਮਾਮਲਾ, ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਹਲਚਲ ਤੇਜ਼, ਮੇਅਰ ਨੇ ਦਿੱਤਾ ਅਸਤੀਫ਼ਾ

  • ਆਪ ਦੇ 3 ਕੌਂਸਲਰ ਭਾਜਪਾ ‘ਚ ਸ਼ਾਮਲ

ਚੰਡੀਗੜ੍ਹ, 19 ਫਰਵਰੀ : ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਭਾਜਪਾ ਨੇ ਇੱਕ ਵਾਰ ਫਿਰ ਤੋਂ ਵੱਡਾ ਦਾਅ ਖੇਡਿਆ ਹੈ। ਚੰਡੀਗੜ੍ਹ ਦੇ ਭਾਜਪਾ ਦੇ ਮੇਅਰ ਬਣੇ ਮਨੋਜ ਸੋਨਕਰ ਨੇ ਬੀਤੀ ਰਾਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਅਰੁਣ ਸੂਦ ਨੇ ਮੇਅਰ ਦੇ ਅਸਤੀਫੇ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਮੇਅਰ ਚੋਣਾਂ ‘ਚ ਧਾਂਦਲੀ ਦੇ ਮਾਮਲੇ ‘ਤੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋਣੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਦੇ 3 ਕੌਂਸਲਰ ਐਤਵਾਰ ਰਾਤ ਦਿੱਲੀ ਪਹੁੰਚ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਆਪ ਕੌਂਸਲਰ ਪੂਨਮ ਦੇਵੀ, ਨੇਹਾ ਮੁਸਾਵਤ ਅਤੇ ਗੁਰਚਰਨਜੀਤ ਸਿੰਘ ਕਾਲਾ ਨੂੰ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਭਾਜਪਾ ਦੀ ਮੈਂਬਰਸ਼ਿਪ ਦਿੱਤੀ। ਅੱਜ ਦੀ ਸੁਣਵਾਈ ਤੋਂ ਬਾਅਦ ਜੇਕਰ ਸੁਪਰੀਮ ਕੋਰਟ ਮੇਅਰ ਚੋਣਾਂ ਦੁਬਾਰਾ ਕਰਵਾਉਣ ਦਾ ਹੁਕਮ ਦਿੰਦੀ ਹੈ ਤਾਂ ਭਾਜਪਾ ਦੀ ਜਿੱਤ ਲਗਭਗ ਤੈਅ ਹੋ ਜਾਵੇਗੀ। ਗੌਰਤਲਬ ਹੈ ਕਿ ਸੁਪਰੀਮ ਕੋਰਟ ‘ਚ ਅੱਜ ਹੋਣ ਵਾਲੀ ਸੁਣਵਾਈ I.N.D.I.A ਗਠਜੋੜ ਦੇ ਮੇਅਰ ਅਹੁਦੇ ਦੇ ਉਮੀਦਵਾਰ ਕੁਲਦੀਪ ਕੁਮਾਰ ਟੀਟਾ ਵੱਲੋਂ ਦਾਇਰ ਪਟੀਸ਼ਨ ‘ਤੇ ਹੋਵੇਗੀ। ਗਠਜੋੜ ਨੇ ਭਾਜਪਾ ‘ਤੇ ਦੋਸ਼ ਲਗਾਇਆ ਹੈ ਕਿ ਚੋਣ ਅਧਿਕਾਰੀ ਅਨਿਲ ਮਸੀਹ ਨੇ ਚੰਡੀਗੜ੍ਹ ਮੇਅਰ ਚੋਣ ਵਿਚ ਵੋਟਾਂ ਦੀ ਗਿਣਤੀ ਵਿਚ ਧਾਂਦਲੀ ਕੀਤੀ ਹੈ, ਜਿਸ ਦੀ ਇੱਕ ਵੀਡੀਓ ਵੀ ਪੇਸ਼ ਕੀਤੀ ਗਈ ਸੀ।