ਚੰਡੀਗੜ ਪ੍ਰਸ਼ਾਸਨ ਨੇ ਪੈਟਰੋਲ ਪੰਪਾਂ ਤੇ ਹਫੜਾ ਦਫੜੀ ਰੋਕਣ ਲਈ ਨਿਯਮ ਕੀਤੇ ਤੈਅ 

ਚੰਡੀਗੜ੍ਹ, 2 ਜਨਵਰੀ : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਸ਼ਰਤਾਂ ਲਗਾ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ ਦੋ ਪਹੀਆ ਵਾਹਨਾਂ ਲਈ 2 ਲੀਟਰ (ਜ਼ਿਆਦਾ ਤੋਂ ਜ਼ਿਆਦਾ 200 ਰੁਪਏ ਦਾ) ਅਤੇ ਚਾਰ ਪਹੀਆ ਵਾਹਨਾਂ ਲਈ 5 ਲੀਟਰ (ਜ਼ਿਆਦਾ ਤੋਂ ਜ਼ਿਆਦਾ 500 ਰੁਪਏ) ਤੇਲ ਮਿਲੇਗਾ। ਇਹ ਸ਼ਰਤਾਂ ਜਦੋਂ ਤੱਕ ਆਮ ਵਰਗੀ ਸਥਿਤੀ ਨਹੀਂ ਹੋ ਜਾਂਦੀ ਉਦੋਂ ਤੱਕ ਜਾਰੀ ਰਹਿਣਗੀਆਂ। ਜ਼ਿਕਰਯੋਗ ਹੈ ਕਿ ਕਈ ਪੈਟਰੋਲ ਪੰਪਾਂ ਉਤੇ ਡੀਜ਼ਲ ਤੇ ਪੈਟਰੋਲ ਖਤਮ ਹੋ ਚੁੱਕਿਆ ਹੈ। ਚੰਡੀਗੜ੍ਹ ਦੇ ਸਾਰੇ ਪੈਟਰੋਲ ਪੰਪਾਂ ਉਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਗੌਰਤਲਬ ਹੈ ਕਿ ਨਵੇਂ ਹਿਟ ਐਂਡ ਰਨ ਕਾਨੂੰਨ ਨੂੰ ਲੈ ਕੇ ਟਰੱਕ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਗਈ ਹੈ। ਹੜਤਾਲ ਦਾ ਅੱਜ ਦੂਜਾ ਦਿਨ ਹੈ। ਹੜਤਾਲ ਕਾਰਨ ਪੈਟਰੋਲ ਪੰਪਾਂ ਤੇ ਹਫੜਾ ਦਫੜੀ ਦਾ ਮਾਹੌਲ ਬਣਿਆ ਹੋਇਆ ਹੈ।