ਕੇਂਦਰ ਸਰਕਾਰ ਨੇ ਤਾਂ ਕਰੀਬ 2 ਮਹੀਨੇ ਪਹਿਲਾਂ ਹੀ 44 ਹਜ਼ਾਰ ਕਰੋੜ ਜਾਰੀ ਕਰ ਦਿੱਤਾ ਸੀ, ਪਰ ਅਜੇ ਤੱਕ ਫ਼ਸਲ ਦੀ ਖਰੀਦ ਨਹੀਂ ਕੀਤੀ ਗਈ : ਬਿੱਟੂ 

ਚੰਡੀਗੜ੍ਹ, 26 ਅਕਤੂਬਰ 2024 : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ ਹਨ। ਬਿੱਟੂ ਨੇ ਕਿਹਾ ਕਿ ਪਹਿਲਾਂ ਵੀ ਬਾਦਲ ਅਤੇ ਕੈਪਟਨ ਮੁੱਖ ਮੰਤਰੀ ਰਹੇ ਹਨ। ਉਹਨਾਂ ਦੇ ਸਮੇਂ ਤਾਂ ਕੋਈ ਖਰੀਦ ਵਿੱਚ ਪ੍ਰੇਸ਼ਾਨੀ ਨਹੀਂ ਆਈ। ਮੌਜੂਦਾ ਸਰਕਾਰ ਸਮੇਂ ਹੀ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ। ਬਿੱਟੂ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਨੇ ਤਾਂ ਕਰੀਬ 2 ਮਹੀਨੇ ਪਹਿਲਾਂ ਹੀ CCL ਦਾ 44 ਹਜ਼ਾਰ ਕਰੋੜ ਰੁਪਏ ਜਾਰੀ ਕਰ ਦਿੱਤਾ ਸੀ ਪਰ ਅਜੇ ਤੱਕ ਫ਼ਸਲ ਦੀ ਖਰੀਦ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਜੇ ਹੋਰ ਪੈਸੇ ਦੀ ਲੋੜ ਹੈ ਤਾਂ ਸਰਕਾਰ ਲਿਖ ਕੇ ਭੇਜੇ ਕੇਂਦਰ ਸਰਕਾਰ ਹੋਰ ਪੈਸੇ ਜਾਰੀ ਕਰ ਦੇਵੇਗੀ। ਰਵਨੀਤ ਬਿੱਟੂ ਨੇ ਮੁੱਖ ਮੰਤਰੀ ਮਾਨ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਫ਼ਸਲ ਦੀ ਖਰੀਦ ਕਰਵਾਉਣਾ ਮੁੱਖ ਮੰਤਰੀ ਦੀ ਜਿੰਮੇਵਾਰੀ ਹੈ। ਪਰ ਇੱਕ ਵਾਰ ਵੀ ਮੁੱਖ ਮੰਤਰੀ ਕਿਸੇ ਮੰਡੀ ਵਿੱਚ ਨਹੀਂ ਗਏ। ਖਰੀਦ ਨਾ ਹੋਣ ਕਾਰਨ ਪੰਜਾਬ ਵਿੱਚ ਹਾਹਾਕਾਰ ਮੱਚੀ ਹੋਈ ਹੈ। ਕੋਈ ਦੱਸੇਗਾ ਕੀ ਮੁੱਖ ਮੰਤਰੀ ਕਿੱਥੇ ਹਨ। ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਕੋਲੋਂ ਗਲਤ ਤਰ੍ਹਾਂ ਦੀ ਵਰਾਇਟੀ ਲਗਵਾਈ ਜਿਸ ਦਾ ਨੁਕਸਾਨ ਸੈਲਰਾਂ ਵਾਲਿਆਂ ਨੂੰ ਹੋਇਆ। ਕਿਉਂਕਿ ਫਸਲ ਦਾ ਦਾਣਾ ਟੁੱਟ ਰਿਹਾ ਹੈ। ਸੂਬੇ ਵਿੱਚ ਜਿੱਥੇ ਕਣਕ ਦੀ ਫ਼ਸਲ ਦੀ ਬਿਜਾਈ ਹੋਣੀ ਹੈ ਤਾਂ ਉਸ ਤੋਂ ਪਹਿਲਾਂ ਕਿਸਾਨਾਂ ਸਾਹਮਣੇ ਇੱਕ ਹੋਰ ਸਮੱਸਿਆ ਖੜੀ ਹੋ ਗਈ ਹੈ। DAP ਖਾਦ ਦੀ ਕਮੀ ਦਾ ਸਾਹਮਣਾ ਪੰਜਾਬ ਕਰ ਰਿਹਾ ਹੈ। ਜਿਸ ਦੀ ਪੂਰਤੀ ਦੇ ਲਈ ਅੱਜ ਮੁੱਖ ਮੰਤਰੀ ਕੇਂਦਰ ਨਾਲ ਗੱਲਬਾਤ ਕਰਨਗੇ ਤਾਂ ਜੋ ਕਿਸਾਨਾਂ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ।