ਕੇਂਦਰ ਸਰਕਾਰ ਕਾਰਨ ਦੱਸੇ ਕਿ ਲਿਖਤੀ ਭਰੋਸੇ ਮਗਰੋਂ ਵੀ ਬੰਦੀ ਸਿੰਘਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਗਿਆ: ਹਰਸਿਮਰਤ ਬਾਦਲ 

  • ਸਿੱਖਾਂ ਨਾਲ ਕਾਂਗਰਸ ਨੇ ਦਹਾਕਿਆਂ ਤੋਂ ਵਿਤਕਰਾ ਕੀਤਾ ਤੇ ਸ੍ਰੀ ਹਰਿਮੰਦਿਰ ਸਾਹਿਬ ’ਤੇ ਹਮਲਾ ਕੀਤਾ ਜਦੋਂ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਾਡੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਦੇ ਰਹੀ ਹੈ: ਹਰਸਿਮਰਤ ਕੌਰ ਬਾਦਲ
  • ਸਿੱਖ ਨੌਜਵਾਨਾਂ ਤੇ ਖਾਲਸਾ ਏਡ ’ਤੇ ਲਾਈਆਂ ਪਾਬੰਦੀਆਂ ਦਾ ਵੀ ਮਾਮਲਾ ਚੁੱਕਿਆ

ਚੰਡੀਗੜ੍ਹ, 9 ਅਗਸਤ : ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕਰ ਬਾਦਲ ਨੇ ਅੱਜ ਕਿਹਾ ਕਿ ਸਿੱਖ ਕੌਮ ਦਹਾਕਿਆਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਹੱਥੋਂ ਵਿਤਕਰੇ ਦਾ ਸ਼ਿਕਾਰ ਹੁੰਦੀ ਰਹੀ ਹੈ ਜਿਸਨੇ ਸ੍ਰੀ ਹਰਿਮੰਦਿਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾਕੀਤਾ  ਜਦੋਂ ਕਿ ਹੁਣ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਕਰ ਰਹੀ ਹੈ ਤੇ ਕੌਮ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਰਹੀ ਹੈ। ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਮਣੀਪੁਰ ਹਿੰਸਾ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੇ ਖਿਲਾਫ ਪੇਸ਼ ਕੀਤੇ ਗਏ ਬੇਵਿਸਾਹੀ ਮਤੇ ’ਤੇ ਚਰਚਾ ਵਿਚ ਹਿੱਸਾ ਲੈਂਦਿਆਂ ਪੁੱਛਿਆ ਕਿ ਅਸੀਂ ਕਿਸ ’ਤੇ ਵਿਸ਼ਵਾਸ ਕਰੀਏ? ਕਾਂਗਰਸ ਸਰਕਾਰ ਨੇ 1984 ਵਿਚ ਸਾਡੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ’ਤੇ ਹਮਲਾ ਕੀਤਾ ਤੇ ਸਿੱਖਾਂ ਦਾ ਕਤਲੇਆਮ ਕਰਵਾਇਆ।  ਉਹਨਾਂ ਕਿਹਾ ਕਿ ਕਾਂਗਰਸ ਨੇ ਸਾਨੂੰ ਪੰਜਾਬ ਦੇ ਪੁਨਰਗਠਨ ਵੇਲੇ ਨਾ ਪੰਜਾਬੀ ਬੋਲਦੇ ਇਲਾਕੇ ਦਿੱਤੇ ਤੇ ਨਾ ਹੀ ਸਾਨੂੰ ਸਾਡਾ ਰਾਜਧਾਨੀ ਸ਼ਹਿਰ ਚੰਡੀਗੜ੍ਹ ਦਿੱਤਾ ਤੇ ਹੁਣ ਇਹ ਦਿੱਲੀ ਵਿਚ ਦੁਨੀਆਂ ਦੀ ਇਕਲੌਤੀ ਵਿਧਵਾ ਕਲੌਨੀ ਵਿਚ ਵੀ ਨਹੀਂ ਗਈ ਜਿਥੇ 1984 ਦੇ ਸਿੱਖ ਕਤਲੇਆਮ ਦੀਆਂ ਵਿਧਵਾਵਾਂ ਰਹਿੰਦੀਆਂ ਹਨ। ਬਠਿੰਡਾ ਦੇ ਐਮ ਪੀ ਨੇ ਕੇਂਦਰ ਸਰਕਾਰ ਦੀ ਵੀ ਜੰਮ ਕੇ ਖਿੱਚਾਈ ਕੀਤੀ ਤੇ ਕਿਹਾ ਕਿ ’ਸਭਕਾ ਸਾਥ, ਸਭਕਾ ਵਿਕਾਸ’ ਨਾਅਰੇ ’ਤੇ ਮੁੜ ਵਿਚਾਰ ਹੋਣੀ ਚਾਹੀਦੀ ਹੈ ਤੇ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਉਸਨੇ ਕਿਸਾਨਾਂ ਤੇ ਸਮਾਜ ਦੇ ਗਰੀਬ ਵਰਗਾਂ, ਵੱਖ-ਵੱਖ ਧਾਰਮਿਕ ਭਾਈਚਾਰਿਆਂ, ਨੌਜਵਾਨਾਂ ਤੇ ਔਰਤਾਂ ਦਾ ਵਿਸ਼ਵਾਸ ਜਿੱਤ ਲਿਆ ਹੈ? ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅੰਮ੍ਰਿਤ ਕਾਲ ਵਿਚ ਵੀ ਔਰਤਾਂ ਖਿਲਾਫ ਤਸ਼ੱਦਦ ਜਾਰੀ ਹੈ। ਉਹਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦਾ ਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ’ਤੇ ਦਿੱਤਾ ਭਾਸ਼ਣ ਪੜ੍ਹਦਿਆਂ ਚੇਤੇ ਕੀਤਾ ਕਿ ਕਿਵੇਂ ਉਹਨਾਂ ਕਿਹਾ ਸੀ ਕਿ ਇਸ ਦੇਸ਼ ਵਿਚ ਇਕ ਲੜਕੀ ਵਜੋਂ ਜਨਮ ਲੈਣਾ ਇਕ ਅਭਿਸ਼ਾਪ ਹੈ ਤੇ ਕਿਹਾ ਕਿ ਅੱਜ ਵੀ ਇਹੀ ਸੱਚਾਈ ਹੈ ਜੋ ਮਣੀਪੁਰ ਹਿੰਸਾ ਦੌਰਾਨ ਵੇਖਣ ਨੂੰ ਮਿਲ ਰਹੀ ਹੈ। ਉਹਨਾਂ ਘੱਟ ਗਿਣਤੀ ਕਮਿਸ਼ਨ ’ਤੇ ਵੀ ਤਿੱਖੇ ਹਮਲੇ ਕੀਤੇ ਤੇ ਕਿਹਾ ਕਿ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿਚ ਰੋਜ਼ਾਨਾ ਦਖਲਅੰਦਾਜ਼ੀ ਹੋ ਰਹੀ ਹੈ ਤੇ ਮਣੀਪੁਰ ਦਾ ਉਹ ਦੌਰਾ ਕਰਨ ਵਿਚ ਨਾਕਾਮ ਰਿਹਾ ਹੈ। ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ 1947 ਵਿਚ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਸਿੱਖਾਂ ਨਾਲ ਅੱਜ ਵੀ ਵਿਤਕਰਾ ਹੋ ਰਿਹਾ ਹੈ ਤੇ ਦੱਸਿਆ ਕਿ ਕਿਵੇਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਆਪਣੇ ਕੀਤੇ ਐਲਾਨ ਤੋਂ ਟਾਲਾ ਵੱਟ ਲਿਆ। ਉਹਨਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਬੰਦੀ ਸਿੰਘਾਂ ਨੇ 25-25 ਸਾਲ ਤੋਂ ਜ਼ਿਆਦਾ ਸਮਾਂ ਜੇਲ੍ਹਾਂ ਵਿਚ ਬਤੀਤ ਕੀਤਾ ਹੈ, ਉਹਨਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ। ਉਹਨਾਂ ਨੇ ਕੇਂਦਰ ਸਰਕਾਰ ਵੱਲੋਂ ਸਿੱਖ ਨੌਜਵਾਨਾਂ ’ਤੇ ਐਨ ਐਸ ਏ ਲਗਾਉਣ ਅਤੇ ਮਨੁੱਖਤਾ ਦੀ ਸੇਵਾ ਕਰ ਰਹੀਆਂ ਖਾਲਸਾ ਏਡ ਵਰਗੀਆਂ ਜਥੇਬੰਦੀਆਂ ’ਤੇ ਐਨ ਆਈ ਏ ਦੀ ਛਾਪੇਮਾਰੀ ਕਰਵਾਉਣ ਦੀ ਵੀ ਨਿਖੇਧੀ ਕੀਤੀ। ਸਰਦਾਰਨੀ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਵੇਲੇ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਦੇਣ ਦਾ ਵਾਅਦਾ ਕੀਤਾ ਸੀ ਤੇ ਉਸ ਤੋਂ ਵੀ ਟਾਲਾ ਵੱਟ ਗਈ ਹੈ। ਸਰਦਾਰਨੀ ਬਾਦਲ ਨੇ ਫਿਰਕੂ ਹਿੰਸਾ ਨੂੰ ਰੋਕਣ ਲਈ ਫੌਰੀ ਠੋਸ ਕਦਮ ਚੁੱਕਣ ’ਤੇ ਜ਼ੋਰ ਦਿੱਤਾ ਤੇ ਕਿਹਾ ਕਿ ਜੇਕਰ ਦੇਸ਼ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਹੁੰਦੀ ਤਾਂ ਅੱਜ ਹਾਲਾਤ ਹੋਰ ਹੁੰਦੇ। ਉਹਨਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਆਦਰਸ਼ਾਂ ’ਤੇ ਚੱਲਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਕਦੇ ਵੀ ਇਕ ਵੀ ਫਿਰਕੂ ਹਿੰਸਾ ਦਾ ਮਾਮਲਾ ਨਹੀਂ ਵਾਪਰਿਆ ਤੇ ਸਾਰੇ ਧਾਰਮਿਕ ਗਰੁੱਪਾਂ ਦਾ ਵਿਸ਼ਵਾਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ’ਤੇ ਸੀ। ਉਹਨਾਂ ਕਿਹਾ ਕਿ ਸਰਦਾ ਬਾਦਲ ਸਾਰੇ ਧਾਰਮਿਕ ਭਾਈਚਾਰਿਆਂ ਦੇ ਦਿਨ ਤੇ ਤਿਓਹਾਰ ਮਨਾਉਂਦੇ ਸਨ। ਉਹਨਾਂ ਇਹ ਵੀ ਦੱਸਿਆ  ਕਿ ਕਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੀ ਸਭ ਤੋਂ ਪਹਿਲਾਂ ਭਾਜਪਾ ਨਾਲ ਉਸ ਵੇਲੇ ਗਠਜੋੜ ਕੀਤਾ ਜਦੋਂ ਇਸਨੂੰ ਅਪ੍ਰਵਾਨਯੋਗ ਮੰਨਿਆ ਜਾਂਦਾ ਸੀ। ਉਹਨਾਂ ਇਹੀ ਵਿਸ਼ਵਾਸ ਸਰਕਾਰ ਨੂੰ ਮੁੜ ਹਾਸਲ ਕਰਨਾ ਪਵੇਗਾ ਜੋ ਕਦੇ ਸਾਡੇ ’ਤੇ ਕੀਤਾ ਜਾਂਦਾ ਸੀ।