ਦੋਹਰੇ ਸੰਵਿਧਾਨ ਮਾਮਲੇ ਵਿਚ ਸੰਮਨ ਰੱਦ ਹੋਣ ’ਤੇ ਅਕਾਲੀ ਦਲ ਖਿਲਾਫ ਪ੍ਰਚਾਰ ਮੁਹਿੰਮ ਬੰਦ ਹੋਵੇ : ਡਾ. ਚੀਮਾ

ਚੰਡੀਗੜ੍ਹ, 6 ਮਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਇਹ ਆਸ ਕਰਦਾ ਹੈ ਕਿ ਦੋਹਰੇ ਸੰਵਿਧਾਨ ਦੇ ਮਾਮਲੇ ’ਤੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਖਿਲਾਦ ਸਾਰੇ ਦੋਸ਼ ਖਾਰਜ ਹੋਣ ਤੋਂ ਬਾਅਦ ਹੁਣ ਪਾਰਟੀ ਖਿਲਾਫ ਕੂੜ ਪ੍ਰਚਾਰ ਮੁਹਿੰਮ ਬੰਦ ਕਰ ਦਿੱਤੀ ਜਾਵੇਗੀ। ਕੇਸ ਦਾ ਵਿਸਥਾਰਿਤ ਫੈਸਲਾ ਆਉਣ ਤੋਂ ਬਾਅਦ ਅੱਜ ਇਸ ’ਤੇ ਪ੍ਰਤੀਕਰਮ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਪਾਰਟੀ ਵੱਲੋਂ ਕੋਈ ਦੋਹਰਾ ਸੰਵਿਧਾਨ ਨਹੀਂ ਰੱਖਿਆ ਗਿਆ। ਉਹਨਾਂ ਨੇ ਸੁਪਰੀਮ ਕੋਰਟ ਦਾ ਵੀ ਧੰਨਵਾਦ ਕੀਤਾ ਜਿਸਨੇ ਸਪਸ਼ਟ ਫੈਸਲਾ ਸੁਣਾਇਆ ਹੈ ਜੋ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਖਿਲਾਫ ਸੰਮਨ ਜਾਰੀ ਹੋਣ ਮਗਰੋਂ ਸੁਣਾਇਆ ਹੈ ਤੇ ਸਾਰਾ ਮਾਮਲਾ ਖਾਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹਾਈ ਕੋਰਟ ਵੱਲੋਂ ਅਕਾਲੀ ਆਗੂਆਂ ਦੀ ਸਮੀਖਿਆ ਪਟੀਸ਼ਨਾਂ ਰੱਦ ਕਰਨ ਦਾ ਫੈਸਲਾ ਵੀ ਖਾਰਜ ਕਰ ਦਿੱਤਾ ਗਿਆ। ਡਾ. ਚੀਮਾ ਨੇ ਕਿਹਾ ਕਿ ਉਹਨਾਂ ਨੂੰ ਨਿੱਜੀ ਤੌਰ ’ਤੇ ਖੁਸ਼ੀ ਹੈ ਕਿ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅਕਸ ਖਰਾਬ ਕਰਨ ਦੇ ਯਤਨ ਫੇਲ੍ਹ ਹੋ ਗਏ ਹਨ।