ਧੱਕੇਸ਼ਾਹੀ ਵਾਲੀ ਕਾਰਵਾਈ ਆਪ ਸਰਕਾਰ ਦੀ ਸਿੱਖ ਵਿਰੋਧੀ ਸੋਚ ਦਾ ਝਲਕਾਰਾ: ਪਰਮਬੰਸ ਸਿੰਘ ਰੋਮਾਣਾ

  • ਅਕਾਲੀ ਦਲ ਨੇ ਖਾਲਸਾ ਚੇਤਨਾ ਮਾਰਚ ਕਰਵਾਉਣ ਵਾਲਿਆਂ ਦੀ ਗ੍ਰਿਫਤਾਰੀ ਦੀ ਕੀਤੀ ਜ਼ੋਰਦਾਰ ਨਿਖੇਧੀ

ਚੰਡੀਗੜ੍ਹ, 7 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਭਲਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਕੱਢੇ ਜਾਣ ਵਾਲੇ ਖਾਲਸਾ ਚੇਤਨਾ ਮਾਰਚ ਨੂੰ ਸਾਬੋਤਾਜ਼ ਕਰਨ ਵਾਸਤੇ ਵੱਡੀ ਪੱਧਰ ’ਤੇ ਆਯੋਜਕਾਂ ਦੀ ਗ੍ਰਿਫਤਾਰੀ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ। ਅਕਾਲੀ ਦਲ ਦੇ ਬੁਲਾਰੇ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੋ ਇਸ ਵੇਲੇ ਨੈਸ਼ਨਲ ਸਕਿਓਰਿਟੀ ਐਕਟ (ਐਨ ਐਸ ਏ) ਅਧੀਨ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ, ਦੇ ਮਾਤਾ ਜੀ ਸਮੇਤ ਮਾਰਚ ਦੇ ਵੱਖ-ਵੱਖ ਆਯੋਜਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਆਪ ਸਰਕਾਰ ਜਾਣ ਬੁੱਝ ਕੇ ਅਜਿਹੀਆਂ ਧੱਕੇਸ਼ਾਹੀਆਂ ਵਾਲੀਆਂ ਕਾਰਵਾਈਆਂ ਨਾਲ ਸੂਬੇ ਦਾ ਮਾਹੌਲ ਖਰਾਬ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਸ ਸਰਕਾਰ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਝਲਕਾਰਾ ਮਿਲਦਾ ਹੈ। ਬੰਦੀ ਸਿੰਘਾਂ ਦੀ ਰਿਹਾਈ ਅਤੇ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਸਾਰੇ ਸਿੱਖ ਨੌਜਵਾਨਾਂ ਨੂੰ ਪੰਜਾਬ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਇਸ ਮਾਰਚ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਦੋ ਮੰਗਾਂ ਅਕਾਲੀ ਦਲ ਨੇ ਸੂਬੇ ਵਿਚ ਗਠਜੋੜ ਵਾਸਤੇ ਭਾਰਤੀ ਜਨਤਾ ਪਾਰਟੀ ਕੋਲ ਸ਼ਰਤ ਵਜੋਂ ਰੱਖੀਆਂ ਸਨ ਅਤੇ ਜਦੋਂ ਉਹਨਾਂ ਨੇ ਇਹ ਮੰਗਾਂ ਨਹੀਂ ਮੰਨੀਆਂ ਤਾਂ ਅਕਾਲੀ ਦਲ ਨੇ ਭਾਜਪਾ ਨਾਲ ਸਾਂਝ ਨਾ ਪਾਉਣ ਦਾ ਫੈਸਲਾ ਕੀਤਾ। ਸਰਦਾਰ ਰੋਮਾਣਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਸ਼ਾਂਤਮਈ ਢੰਗ ਨਾਲ ਮਾਰਚ ਕੱਢ ਕੇ ਆਪਣੇ ਨਾਲ ਹੋ ਰਹੀ ਵਧੀਕੀ ਨੂੰ ਉਜਾਗਰ ਕਰਨ ਲਈ ਯਤਨਸ਼ੀਲ ਪੰਜਾਬੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਾਰੀ ਵਜ਼ਾਰਤ ਦਿੱਲੀ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਈ ਵਾਸਤੇ ਪ੍ਰਦਰਸ਼ਨ ਕਰ ਰਹੇ ਹਨ ਜਿਸਨੂੰ 350 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਵਿਚ ਜ਼ਮਾਨਤ ਨਾ ਮਿਲਣ ਮਗਰੋਂ ਜੇਲ੍ਹ ਵਿਚ ਡੱਕਿਆ ਗਿਆ ਹੈ।ਅਕਾਲੀ ਆਗੂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਸੰਸਦੀ ਚੋਣਾਂ ਵਿਚ ਜਦੋਂ ਆਪ ਆਗੂ ਉਹਨਾਂ ਦੇ ਹਲਕਿਆਂ ਵਿਚ ਵੋਟਾਂ ਮੰਗਣ ਆਉਣ ਤਾਂ ਉਹ ਉਹਨਾਂ ਦਾ ਘਿਰਾਓ ਕਰ ਕੇ ਉਹਨਾਂ ਨੂੰ ਸਵਾਲ ਕਰਨ ਕਿ  ਉਹਨਾਂ ਦੀ ਸਰਕਾਰ ਨੇ ਸ਼ਾਂਤੀ ਪਸੰਦ ਸਿੱਖਾਂ ਦੀ ਗ੍ਰਿਫਤਾਰੀ ਕਿਉਂ ਕੀਤੀ ਹੈ।