ਪਹਿਲਵਾਨ ਕੁੜੀਆਂ ‘ਤੇ ਦਿੱਲੀ ਪੁਲਿਸ ਵੱਲੋਂ ਕੀਤੀ ਕੁੱਟਮਾਰ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਖ਼ਤ ਨਿਖੇਧੀ

  • ਪਹਿਲਵਾਨਾਂ ਦੇ ਸੰਘਰਸ਼ ਦੀ ਡਟਵੀ ਹਮਾਇਤ
  • 7 ਮਈ ਨੂੰ ਜੰਤਰ ਮੰਤਰ ਧਰਨੇ ਵਿੱਚ ਕਿਸਾਨ ਜੱਥੇਬੰਦੀ ਵੱਲੋਂ ਸੈਂਕੜੇ ਔਰਤਾਂ ਹੋਣਗੀਆਂ ਸ਼ਾਮਲ 
  • 11,12 ਅਤੇ 13 ਨੂੰ ਪੰਜਾਬ, ਹਰਿਆਣਾ ਅਤੇ ਉਤਰਾਖੰਡ ਵਿੱਚ ਔਰਤਾਂ ਵੱਲੋਂ ਕੀਤੇ ਜਾਣਗੇ ਰੋਸ ਮੁਜ਼ਾਹਰੇ

ਚੰਡੀਗੜ੍ਹ, 4 ਮਈ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੋਂ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੱਲ੍ਹ ਜੰਤਰ-ਮੰਤਰ ‘ਤੇ ਭਾਰੀ ਸੁਰੱਖਿਆ ਬਲਾਂ ਰਾਹੀਂ ਦਿੱਲੀ ਪੁਲਿਸ ਦੁਆਰਾ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ, ਜਿਸ ਵਿੱਚ ਔਰਤਾਂ ਸਮੇਤ ਕੁਝ ਪ੍ਰਦਰਸ਼ਨਕਾਰੀ ਗੰਭੀਰ ਜਖਮੀ ਹੋ ਗਏ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਸ਼ਾਂਤਮਈ ਰੋਸ ਦਾ ਜਮਹੂਰੀ ਹੱਕ ਕੁਚਲਣ ਲਈ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਆਲੇ-ਦੁਆਲੇ ਬੈਰੀਕੇਡ ਲਗਾ ਦਿੱਤੇ ਹਨ ਅਤੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਅੱਜ ਸਵੇਰੇ ਪਹਿਲਵਾਨਾਂ ਵੱਲੋਂ ਕਿਸਾਨਾਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਧਰਨੇ ਵਾਲੀ ਥਾਂ ‘ਤੇ ਇਕੱਠੇ ਹੋਣ ਲਈ ਬੁਲਾਉਣ ਤੋਂ ਬਾਅਦ ਪੁਲਿਸ ਨਫ਼ਰੀ ਹੋਰ ਵਧਾ ਦਿੱਤੀ ਗਈ ਹੈ। ਪੁਲੀਸ ਸ਼ਹਿਰ ਦੀਆਂ ਹੱਦਾਂ ‘ਤੇ ਵਾਹਨਾਂ ਦੀ ਚੈਕਿੰਗ ਕਰਕੇ ਜੰਤਰ ਮੰਤਰ ਜਾਣ ਤੋਂ ਰੋਕਣ ਲਈ ਵਾਹ ਲਾ ਰਹੀ ਹੈ। ਇਸੇ ਕਾਰਨ ਸਿੰਘੂ ਬਾਰਡਰ ‘ਤੇ ਦਿੱਲੀ ਨੂੰ ਆਉਣ ਵਾਲੀ ਲੇਨ ‘ਤੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ ਅਤੇ ਆਮ ਯਾਤਰੀ ਕਈ ਘੰਟੇ ਜਾਮ ਵਿਚ ਫਸੇ ਰਹੇ। ਕਿਸਾਨ ਆਗੂਆਂ ਅਨੁਸਾਰ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਮੋਦੀ ਸਰਕਾਰ ਦੇ ਇਸ ਤਾਨਾਸ਼ਾਹੀ ਜਬਰ ਦੇ ਵਿਰੋਧ ਵਿੱਚ ਜਿੱਥੇ 7 ਮਈ ਨੂੰ ਸੈਂਕੜੇ ਔਰਤਾਂ ਦਾ ਜੱਥਾ ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ, ਕਮਲਦੀਪ ਕੌਰ ਬਰਨਾਲਾ ਅਤੇ ਅਮਨਦੀਪ ਕੌਰ ਬਾਰਨ ਆਦਿ ਆਗੂਆਂ ਦੀ ਅਗਵਾਈ ਹੇਠ ਦਿੱਲੀ ਜਾਵੇਗਾ ਉਥੇ ਪੰਜਾਬ, ਹਰਿਆਣਾ ਅਤੇ ਉੱਤਰਾਖੰਡ ਵਿੱਚ 11,12 ਅਤੇ 13 ਮਈ ਨੂੰ ਥਾਂ ਥਾਂ ਔਰਤਾਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਕੇ ਮੰਗ ਕੀਤੀ ਜਾਵੇਗੀ ਕਿ ਭਾਜਪਾ ਸੰਸਦ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਤੋਂ ਅਸਤੀਫਾ ਲੈਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਦੀ ਘੇਰਾਬੰਦੀ ਖਤਮ ਕਰਕੇ ਜ਼ਖ਼ਮੀਆਂ ਦਾ ਸਰਕਾਰੀ ਇਲਾਜ਼ ਅਤੇ ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਆਗੂਆਂ ਨੇ ਸਮੂਹ ਇਨਸਾਫ਼-ਪਸੰਦ ਜਨਤਕ ਤੇ ਜਮਹੂਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹੋਇਆ ਜਾਵੇ।