ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਪੰਜਾਬ ਦੀ ਖੇਤੀ ਕਿਸਾਨ ਮਜ਼ਦੂਰ ਅਤੇ ਵਾਤਾਵਰਣ ਪੱਖੀ ਬਣਾਉਣ ਦੀ ਮੰਗ

ਚੰਡੀਗੜ੍ਹ, 18 ਜੂਨ (ਭੁਪਿੰਦਰ ਧਨੇਰ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮਨਜੀਤ ਧਨੇਰ ਗਰੁੱਪ ਨੇ ਪੰਜਾਬ ਦੀ ਖੇਤੀ ਨੂੰ ਕਿਸਾਨ, ਮਜਦੂਰ ਅਤੇ ਵਾਤਾਵਰਣ ਪੱਖੀ ਬਣਾਉਣ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਵਫਦ ਨੇ ਅੱਜ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਪਿੰਡ ਖੁਡੀਆਂ ਵਿਖੇ ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੀਟਿੰਗ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਖੇਤੀ ਨੀਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ। ਜਥੇਬੰਦੀ ਦੇ ਵਫਦ ਵਿੱਚ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਉਹ ਵੀ ਸ਼ਾਮਲ ਸਨ। ਕਿਸਾਨ ਆਗੂਆਂ ਨੇ ਦੱਸਿਆ ਕਿ ਕਿ ਹਰੇ ਇਨਕਲਾਬ ਕਾਰਨ ਪੰਜਾਬ ਦੀ ਮਿੱਟੀ,ਪਾਣੀ ਅਤੇ ਹਵਾ ਜ਼ਹਿਰੀਲੀ ਹੋ ਚੁੱਕੀ ਹੈ। ਕਿਸਾਨ ਪਰਿਵਾਰਾਂ ਤੇ ਔਸਤਨ ਦਸ ਲੱਖ ਦਾ ਕਰਜ਼ਾ ਹੈ ਅਤੇ ਕਰਜ਼ਿਆਂ ਕਾਰਨ ਸੂਬੇ ਅੰਦਰ ਕੁੱਲ ਖ਼ੁਦਕੁਸ਼ੀਆਂ ਵਿੱਚੋਂ 87 ਪ੍ਰਤੀਸ਼ਤ ਕਿਸਾਨਾਂ ਨੇ ਕੀਤੀਆਂ ਹਨ ਇਸ ਲਈ ਨਵੀਂ ਖੇਤੀ ਨੀਤੀ ਕਿਸਾਨ ਸਮਾਜ ਅਤੇ ਵਾਤਾਵਰਨ ਪੱਖੀ ਹੋਣੀ ਚਾਹੀਦੀ ਹੈ। ਆਗੂਆਂ ਨੇ ਇਸ ਮੌਕੇ ਕਣਕ-ਝੋਨੇ ਦਾ ਫ਼ਸਲੀ ਚੱਕਰ ਤੋੜਨ ਲਈ ਸਾਰੀਆਂ ਫਸਲਾਂ ਦੇ ਐਮਐਸਪੀ ਦੇਣ ਅਊ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਸੀ-2 ਸਮੇਤ ਪੰਜਾਹ ਪ੍ਰਤੀਸ਼ਤ ਮੁਨਾਫ਼ਾ ਜੋੜ ਕੇ ਲਾਗੂ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਸਹਿਕਾਰੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੂੰ ਖੇਤੀ ਲਾਗਤ ਵਸਤਾਂ ਸਸਤੀ ਕੀਮਤ ਤੇ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਖੇਤੀ ਮਸ਼ੀਨਰੀ , ਖਾਦਾਂ,ਤੇਲ ਅਤੇ ਦਵਾਈਆਂ ਵਗੈਰਾ ਤੋਂ ਕਾਰਪੋਰੇਟ ਘਰਾਣਿਆਂ ਦਾ ਗ਼ਲਬਾ ਖ਼ਤਮ ਕਰਨਾ ਪਵੇਗਾ। ਕਿਸਾਨ ਆਗੂਆਂ ਨੇ ਖੇਤੀਬਾੜੀ ਮੰਤਰੀ ਨੂੰ ਖੇਤੀ ਅਧਾਰਿਤ ਛੋਟੇ ਕਾਰਖਾਨੇ ਲਾਉਣ ਦੀ ਸਲਾਹ ਦਿੱਤੀ ਤਾਂ ਕਿ ਖੇਤੀ ਵਿੱਚੋਂ ਬਾਹਰ ਹੋ ਰਹੇ ਕਿਸਾਨਾਂ ਮਜਦੂਰਾਂ ਨੂੰ ਰੁਜ਼ਗਾਰ ਮਿਲ ਸਕੇ। ਉਨ੍ਹਾਂ ਖੇਤੀ ਨੂੰ ਉੱਚਾ ਚੁਕਣ ਲਈ ਫ਼ਸਲੀ ਕਰਜ਼ੇ ਬਿਨਾਂ ਵਿਆਜ ਤੋਂ ਦੇਣ ਦੀ ਮੰਗ ਵੀ ਕੀਤੀ। ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਦਰਿਆਈ ਪਾਣੀਆਂ ਦਾ ਰਿਪੇਰੀਅਨ ਕਾਨੂੰਨ ਅਨੁਸਾਰ ਨਿਪਟਾਰਾ ਕਰਨ, ਹਾਸਲ ਨਹਿਰੀ ਪਾਣੀ ਦੀ ਯੋਗ ਵਰਤੋਂ ਲਈ ਨਹਿਰਾਂ ਸੂਇਆਂ ਅਤੇ ਖਾਲਾਂ ਦੀ ਮੁਰੰਮਤ ਕਰਵਾਉਣ, ਨਹਿਰਾਂ, ਸੂਇਆਂ ਨੂੰ ਪੱਕਾ ਕਰਨ ਵੇਲੇ ਤਲ ਕੱਚਾ ਰੱਖਣ, ਮੋਘਿਆਂ ਦਾ ਪੱਧਰ ਪਹਿਲਾਂ ਵਾਲਾ, ਟੇਲਾਂ ਵਾਲੇ ਖੇਤਾਂ ਨੂੰ ਪਾਣੀ ਯਕੀਨੀ ਬਣਾਉਣ ਅਤੇ ਫੈਕਟਰੀਆਂ ਤੇ ਸ਼ਹਿਰਾਂ ਦਾ ਗੰਦਾ-ਮੰਦਾ ਪਾਣੀ ਨਹਿਰਾਂ ਵਿੱਚ ਪਾਉਣ ਤੋਂ ਰੋਕਣ ਤੋਂ ਇਲਾਵਾ ਪੈਨਸ਼ਨ ਫਸਲੀ ਬੀਮਾ ਅਤੇ ਨੁਕਸਾਨੀਆਂ ਫਸਲਾਂ ਦੇ ਮੁਆਵਜੇ ਆਦਿ ਵਰਗੇ ਸੁਝਾਅ ਵੀ ਦਿੱਤੇ। ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਜਥੇਬੰਦੀ ਵੱਲੋਂ ਦਿੱਤੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਣ ਦਾ ਭਰੋਸਾ ਦਿਵਾਇਆ ਹੈ।ਇਸ ਸਮੇਂ ਸੂਬਾ ਪ੍ਰੈੱਸ ਸਕੱਤਰ ਅੰਗਰੇਜ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਆਦਿ ਵੀ ਹਾਜ਼ਰ ਸਨ।