ਚੰਡੀਗੜ੍ਹ, 12 ਨਵੰਬਰ 2024 : ਆਮਦਨ ਤੋਂ ਵੱਧ ਜਾਇਦਾਦ ਮਾਮਲੇ’ਚ ਘਿਰੇ ਭਰਤਇੰਦਰ ਸਿੰਘ ਚਾਹਲ ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ ਨੂੰ ਸੁਪਰੀਮ ਕੋਰਟ ਨੇ ਰਾਹਤ ਦਿੰਦਿਆਂ ਉਨ੍ਹਾਂ ਦੀ ਗ੍ਰਿਫਤਾਰੀ ’ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ’ਚ ਚਾਰ ਹਫਤਿਆਂ ’ਚ ਜਵਾਬ ਮੰਗਿਆ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਹੁਕਮ ਦਿੰਦਿਆਂ ਕਿਹਾ ਕਿ ਪਟੀਸ਼ਨ ਕਰਤਾ ਨੂੰ ਗ੍ਰਿਫਤਾਰ ਕਰਕੇ ਸਜ਼ਾ ਨਾ ਦਿੱਤੀ ਜਾਵੇ। ਕੋਰਟ ਨੇ ਭਰਤਇੰਦਰ ਚਾਹਲ ਨੂੰ ਜਾਂਚ ਵਿਚ ਪੂਰਾ ਸਹਿਯੋਗ ਦੇਣ ਦਾ ਹੁਕਮ ਵੀ ਸੁਣਾਇਆ ਹੈ। ਇਸ ਦੇ ਨਾਲ ਹੀ ਚਾਹਲ ਦੇ ਵਕੀਲ ਸਿਧਾਰਥ ਲੂਥਰਾ ਨੇ ਅਦਾਲਤ ‘ਚ ਦਲੀਲ ਦਿੰਦਿਆਂ ਇਸ ਕੇਸ ਨੂੰ ‘ਸਿਆਸਤ ਤੋਂ ਪ੍ਰੇਰਿਤ’ ਦੱਸਿਆ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਨੂੰ ਉਨ੍ਹਾਂ ਬੇਬੁਨਿਆਦ ਅਤੇ ਤੱਥਹੀਣ ਦੱਸਿਆ। ਜ਼ਿਕਰਯੋਗ ਹੈ ਕਿ ਲੰਘੀ 25 ਅਕਤੂਬਰ ਨੂੰ ਪਟਿਆਲਾ ਦੀ ਅਦਾਲਤ ਨੇ ਭਰਤਇੰਦਰ ਚਾਹਲ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ। ਚਾਹਲ ਦੇ ਵਕੀਲ ਵੱਲੋਂ ਸੁਪਰੀਮ ਕੋਰਟ ’ਚ ਦਾਇਰ ਪਟੀਸ਼ਨ ’ਚ ਕਿਹਾ ਗਿਆ ਸੀ ਕਿ 76 ਸਾਲਾ ਚਾਹਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਅਤੇ ਉਹ ਜਾਂਚ ’ਚ ਸਹਿਯੋਗ ਕਰਨ ਦੇ ਲਈ ਤਿਆਰ ਹੈ। ਜਿਸ ਤੋਂ ਬਾਅਦ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਪ੍ਰਸੰਨਾ ਬੀ ਵਰਲੇ ਦੀ ਬੈਂਚ ਨੇ ਹੁਕਮਾਂ ‘ਚ ਕਿਹਾ ਕਿ ਪਟੀਸ਼ਨਕਰਤਾ ‘ਤੇ ਦੰਡਕਾਰੀ ਕਾਰਵਾਈ ਨਾ ਕੀਤੀ ਜਾਵੇ। ਚਾਹਲ ਨੂੰ ਵੀ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਨੇ ਭਰਤ ਇੰਦਰ ਸਿੰਘ ਚਾਹਲ ਖਿਲਾਫ ਸਾਲ 2022 ਵਿੱਚ ਜਾਂਚ ਸ਼ੁਰੂ ਕੀਤੀ ਸੀ ਜਿਸ ਦੌਰਾਨ ਉਨ੍ਹਾਂ ਦੀਆਂ ਜਾਇਦਾਦਾਂ ਦੀ ਵੀ ਜਾਂਚ ਕੀਤੀ ਗਈ ਸੀ। ਇਸ ਤੋਂ ਬਾਅਦ ਪੰਜਾਬ ਵਿਜੀਲੈਂਸ ਨੇ 2023 ਵਿੱਚ ਇਸ ਮਾਮਲੇ ਵਿੱਚ ਭਰਤ ਇੰਦਰ ਸਿੰਘ ਚਾਹਲ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਥੇ ਇਹ ਵੀ ਵਰਣਯੋਗ ਹੈ ਕਿ ਡੇਢ ਸਾਲ ਪਹਿਲਾਂ ਚਾਹਲ ਨੂੰ ਇਸ ਕੇਸ ‘ਚ ਜ਼ਮਾਨਤ ਮਿਲ ਗਈ ਸੀ। ਫਿਲਹਾਲ ਵਿਜੀਲੈਂਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।