ਭਗਵੰਤ ਮਾਨ ਬੋਲਣ ਲੱਗੇ ਆਪਣੇ ਅਹੁਦੇ ਦੀ ਗਰਿਮਾ ਦਾ ਧਿਆਨ ਰੱਖਣ : ਸੁਖਦੇਵ ਢੀਂਡਸਾ

ਚੰਡੀਗੜ੍ਹ, 10 ਜੂਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਾਲ ਹੀ ਵਿਚ ਵਿਰੋਧੀ ਪਾਰਟੀਆਂ ਦੇ ਸੀਨੀਅਰ ਆਗੂਆਂ ਨੂੰ ਵਿਅਕਤੀਗਤ ਅਤੇ ਬੇਬੁੁਨਿਆਦੀ ਟਿੱਪਣੀਆਂ ਕਰਨ `ਤੇ ਆੜੇ ਹੱਥੀ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਦੀ ਇਕ ਗਰਿਮਾ ਹੁੰਦੀ ਹੈ। ਜਿਸ ਨੂੰ ਬਣਾਈ ਰੱਖਣਾ ਬੇੱਹਦ ਲਾਜ਼ਮੀ ਹੁੰਦਾ ਹੈ, ਪ੍ਰੰਤੂ ਜਿਸ ਤਰੀਕੇ ਨਾਲ ਭਗਵੰਤ ਸਿੰਘ ਮਾਨ ਨੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵਿਰੁੱਧ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਉਸ ਨਾਲ ਸਪੱਸ਼ਟ ਹੈ ਕਿ ਭਗਵੰਤ ਸਿੰਘ ਮਾਨ ਵਿਚ ਹਉਮੈ ਘਰ ਕਰ ਗਈ ਹੈ ਅਤੇ ਉਨ੍ਹਾਂ ਦਾ ਆਪਣੀ ਜੁਬਾਨ `ਤੇ ਕੰਟਰੋਲ ਖਤਮ ਹੋ ਗਿਆ ਹੈ। ਢੀਂਡਸਾ ਨੇ ਕਿਹਾ ਕਿ ਡਾ. ਬਰਜਿੰਦਰ ਸਿੰਘ ਹਮਦਰਦ ਬਹੁਤ ਸਤਿਕਾਰਯੋਗ ਸ਼ਖਸੀਅਤ ਹਨ। ਇਸ ਤੋ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਵੀ ਖੇਡ ਜਗਤ ਅਤੇ ਹੋਰਨਾਂ ਖੇਤਰਾਂ ਵਿਚ ਪੂਰੀ ਦੁਨੀਆ ਵਿਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਇਸ ਕਰਕੇ ਮੁੱਖ ਮੰਤਰੀ ਵਲੋਂ ਇਨ੍ਹਾਂ ਸਖਸ਼ੀਅਤਾਂ ਬਾਰੇ ਮਾੜੀ ਸ਼ਬਦਵਾਲੀ ਦੀ ਵਰਤੋਂ ਸ਼ੋਭਾ ਨਹੀਂ ਦਿੰਦੀ ਹੈ। ਉਨ੍ਹਾ ਕਿਹਾ ਕਿ ਭਗਵੰਤ ਸਿੰਘ ਮਾਨ ਨੂੰ ਦੂਜਿਆਂ ਵਿਚ ਨੁਕਸ ਕੱਢਣ ਦੇ ਬਜਾਏ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇ ਅਹੁਦੇ ਦੀ ਗਰਿਮਾ ਅਨੁਸਾਰ ਲੋਕਾਂ ਨਾਲ ਵਿਵਹਾਰ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਗਵੰਤ ਸਿੰਘ ਮਾਨ ਨੂੰ ਵਿਰੋਧੀ ਪਾਰਟੀਆਂ ਨਾਲ ਉਲਝਣ ਦੇ ਬਜਾਏ ਸੂਬੇ ਦੇ ਵਿਕਾਸ ਕਾਰਜਾਂ ਵੱਲ ਧਿਆਨ ਦੇਣ ਦੀ ਲੋੜ ਹੈ। ਮਾਨ ਸਰਕਾਰ ਨੂੰ ਬਣੇ ਕਰੀਬ ਡੇਢ ਸਾਲ ਹੋ ਗਿਆ ਹੈ ਪਰ ਅਜੇ ਤੱਕ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀ ਕੀਤੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਹੁਣ ਕੋਈ ਕਾਮੇਡੀ ਕਲਾਕਾਰ ਨਹੀ ਹਨ ਬਲਕਿ ਸਮੁੱਚੇ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹਨ ਅਜਿਹੇ ਵਿਚ ਉਨ੍ਹਾਂ ਨੂੰ ਬੋਲਣ ਵੇਲੇ ਸਹੀ ਅਤੇ ਸਤਿਕਾਰਯੋਗ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸ: ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹੀ ਲੋਕਾਂ ਦੇ ਚਰਿੱਤਰ `ਤੇ ਕਿਚੜ ਸੁੱਟਣ ਦੀ ਪ੍ਰਥਾ ਸ਼ੁਰੂ ਕੀਤੀ ਹੈ।