ਭਗਵੰਤ ਮਾਨ ਪੰਜਾਬ ਵਿਚ ਦਿੱਲੀ ਦਾ ਫੇਲ੍ਹ ਸਿੱਖਿਆ ਮਾਡਲ ਪ੍ਰਚਾਰਨ ਦਾ ਪੰਜਾਬੀਆਂ ਨੂੰ ਜਵਾਬ ਦੇਣ : ਰੋਮਾਣਾ

  • ਵਿਦਿਆਰਥੀ ਅਧਿਆਪਕ ਅਨੁਪਾਤ ਦੇ ਮਾਮਲੇ ਵਿਚ ਕੌਮੀ ਸਰਵੇਖਣ ਨੇ ਸਾਬਤ ਕੀਤਾ ਕਿ ਦਿੱਲੀ ਦਾ ਸਿੱਖਿਆ ਮਾਡਲ ਦੇਸ਼ ਵਿਚ ਸਭ ਤੋਂ ਮਾੜਾ ਹੈ: ਪਰਮਬੰਸ ਸਿੰਘ ਰੋਮਾਣਾ

ਚੰਡੀਗੜ੍ਹ, 13 ਫਰਵਰੀ ; ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਦਿੱਲੀ ਦਾ ਫੇਲ੍ਹ ਸਿੱਖਿਆ ਮਾਡਲ ਪੰਜਾਬ ਵਿਚ ਪ੍ਰਚਾਰਨ ਦੇ ਮਾਮਲੇ ਵਿਚ ਪੰਜਾਬੀਆਂ ਨੂੰ ਜਵਾਬ ਦੇਣ ਅਤੇ ਕਿਹਾ ਕਿ ਇਸ ਸਿੱਖਿਆ ਮਾਡਲ ਨੇ ਸੂਬੇ ਵਿਚ ਸਿੱਖਿਆ ਪ੍ਰਣਾਲੀ ਢਹਿ ਢੇਰੀ ਕੀਤੀ ਹੈ ਤੇ ਸਿੱਖਿਆ ਦਾ ਮਿਆਰ ਹੇਠਾਂ ਡੇਗਿਆ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਦਿੱਲੀ ਦੇ ਸਿੱਖਿਆ ਮਾਡਲ ਦੀ ਸੱਚਾਈ ਵਿਦਿਆਰਥੀ ਅਧਿਆਪਕ ਅਨੁਪਾਤ ਦੇ ਮਾਮਲੇ ਵਿਚ ਕੌਮੀ ਸਰਵੇਖਣ ਨੇ ਬੇਨਕਾਬ ਕੀਤਾ ਹੈ। ਉਹਨਾਂ ਕਿਹਾ ਕਿ ਦੇਸ਼ ਵਿਚ ਸਭ ਤੋਂ ਮਾੜਾ ਹਾਲ ਬਿਹਾਰ ਦਾ ਹੈ ਤੇ ਦਿੱਲੀ ਇਸ ਮਾਮਲੇ ਵਿਚ ਨੰਬਰ ਦੋ ’ਤੇ ਹੈ। ਉਹਨਾਂ ਕਿਹਾ ਕਿ ਦਿੱਲੀ ਵਿਚ ਪ੍ਰਾਇਮਰੀ ਕਲਾਸਾਂ ਵਿਚ ਇਹ ਅਨੁਪਾਤ 1:40 ਅਤੇ ਸੈਕੰਡਰੀ ਕਲਾਸਾਂ ਵਿਚ 1:39 ਹੈ ਜਦੋਂ ਕਿ ਕੌਮੀ ਪੱਧਰ ’ਤੇ ਪ੍ਰਾਇਮਰੀ ਅਤੇ ਸੈਕੰਡਰੀ ਕਲਾਸਾਂ ਵਿਚ ਇਹ ਅਨੁਪਾਤ ਕ੍ਰਮਵਾਰ 1:28 ਅਤੇ 1:24 ਹੈ।ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੌਮੀ ਸਰਵੇਖਣਾਂ ਨੇ ਦਿੱਲੀ ਦੇ ਫੇਲ੍ਹ ਸਿੱਖਿਆ ਮਾਡਲ ਨੂੰ ਬੇਨਕਾਬ ਕੀਤਾ ਹੋਵੇ। ਉਹਨਾਂ ਕਿਹਾ ਕਿ ਨੈਸ਼ਨਲ ਅਚੀਵਮੈਂਟ ਸਰਵੇ 2021 ਵਿਚ ਪੰਜਾਬਰ ਦੇ ਸਕੂਲਾਂ ਨੂੰ ਸਕੂਲ ਸਿੱਖਿਆ ਦੇ ਮਾਮਲੇ ਵਿਚ ਦਿੱਲੀ ਤੋਂ ਮੋਹਰੀ ਦਰਸਾਇਆ ਗਿਆ ਸੀ। ਉਹਨਾਂ ਕਿਹਾ ਕਿ ਫਾਉਂਡੇਸ਼ਨ ਲਰਨਿੰਗ ਸਟੱਡੀ 2022 ਅਤੇ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਸਰਵੇ ਵਿਚ ਵੀ ਪੰਜਾਬ ਦੇ ਸਕੂਲਾਂ ਨੂੰ ਦਿੱਲੀ ਤੋਂ ਮੋਹਰੀ ਦਰਸਾਇਆ ਗਿਆ। ਉਹਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਦਾ ਸਕੂਲ ਸਿੱਖਿਆ ਮਾਡਲ ਤੁਰੰਤ ਰੱਦ ਕਰ ਦੇਣ ਅਤੇ ਵਾਪਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਥਾਪਿਤ ਮਾਡਲ ਨੂੰ ਸਵੀਕਾਰ ਕਰਨ ਜਿਸਦੇ ਚੰਗੇ ਨਤੀਜੇ ਨਿਕਲੇ ਅਤੇ ਪੰਜਾਬ ਦੇਸ਼ ਭਰ ਵਿਚ ਸਕੂਲ ਸਿੱਖਿਆ ਦੇ ਮਾਮਲੇ ਵਿਚ ਤੀਜੇ ਨੰਬਰ ’ਤੇ ਆਇਆਸੀ।   ਉਹਨਾਂ ਕਿਹਾ ਕਿ ਸਾਨੂੰ ਅੰਨ੍ਹੇ ਹੋ ਕੇ ਅਜਿਹਾ ਮਾਡਲ ਨਹੀਂ ਅਪਣਾਉਣਾ ਚਾਹੀਦਾ ਜੋ ਬੁਰੀ ਤਰ੍ਹਾਂ ਫੇਲ੍ਹ ਹੋਵੇ। ਅਕਾਲੀ ਆਗੂ ਨੇ ਕਿਹਾਕਿ  ਆਪ ਸਰਕਾਰ ਨੇ ਦਿੱਲੀ ਦੇ ਫੇਲ੍ਹ ਮਾਡਲ ਦੇ ਪ੍ਰਚਾਰ ਵਾਸਤੇ ਸੈਂਕੜੇ ਕਰੋੜ ਰੁਪਏ ਖਰਚੇ ਹਨ ਤੇ ਇਸਨੁੰ ਚੋਣ ਪ੍ਰਚਾਰ ਦੇ ਜ਼ਰੀਏ ਵਜੋਂ ਵਰਤਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਆਪਣੇ ਆਕਾ ਸ੍ਰੀ ਅਰਵਿੰਦ ਕੇਜਰੀਵਾਲ ਦੇ ਕਹਿਣ ’ਤੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਦਿੱਲੀ ਦੀ ਤਰਜ਼ ’ਤੇ ਬਦਲਣ ਦਾ ਕੰਮ ਸ਼ੁਰੂ ਕੀਤਾ। ਉਹਨਾਂ ਕਿਹਾ ਕਿ ਅਜਿਹਾ ਹੀ ਹਾਲਾ ਸਿਹਤ ਖੇਤਰ ਦਾ ਹੈ ਜਿਥੇ ਪੇਂਡੂ ਡਿਸਪੈਂਸਰੀਆਂ ਨੂੰ ਆਮ ਆਦਮੀ ਕਲੀਨਿਕਾਂ ਵਿਚ ਬਦਲਿਆ ਗਿਆ। ਉਹਨਾਂ ਕਿਹਾ ਕਿ ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਥਾਪਿਤ ਮੈਰੀਟੋਰੀਅਸ ਸਕੂਲਾਂ ਨੂੰ ਸਕੂਲਜ਼ ਆਫ ਐਮੀਨੈਂਸ ਵਿਚ ਬਦਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਆਪ ਸਰਕਾਰ ਕੋਲ ਪੰਜਾਬ ਨੂੰ ਦੇਣ ਵਾਸਤੇ ਕੁਝ ਵੀ ਨਵਾਂ ਨਹੀਂ ਹੈ ਅਤੇ ਇਹ ਨਾਂ ਬਦਲਣ ਦੀ ਮੁਹਿੰਮ ਨੂੰ ਸਸਤੀ ਸ਼ੋਹਰਤ ਹਾਸਲ ਕਰਨਾ ਚਾਹੁੰਦੀ ਹੈ। ਸਰਦਾਰ ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਪਬਲਿਕ ਰਿਲੇਸ਼ਨਜ਼ ਏਜੰਸੀ ਵਜੋਂ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਸਾਲ ਨੇ ਪੰਜਾਬੀਆਂ ਵੱਲੋਂ ਉਸ ’ਤੇ ਪ੍ਰਗਟਾਏ ਵਿਸ਼ਵਾਸ ਨਾਲ ਧੋਖਾ ਕੀਤਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਸ੍ਰੀ ਭਗਵੰਤ ਮਾਨ ਸਰਕਾਰ ਵਿਚ ਨਹੀਂ ਸਨ ਤਾਂ ਉਸ ਵੇਲੇ ਦਿੱਤੇ ਸੁਝਾਅ ’ਤੇ ਲੋਕ ਅਮਲ ਕਰਨ ਅਤੇ ਆਪ ਸਰਕਾਰ ਦੇ ਮੰਤਰੀਆਂ ਤੇ ਹੋਰ ਪ੍ਰਤੀਨਿਧਾਂ ਦਾ ਘਿਰਾਓ ਕਰ ਕੇ ਸਵਾਲ ਪੁੱਛਣ ਕੇ ਸਰਕਾਰ ਲੋਕਾਂ ਦੀ ਭਲਾਈ ਵਾਸਤੇ ਕੰਮ ਕਿਉਂ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੇ ਉਹਨਾਂ ਦੇ ਵਜ਼ਾਰਤੀ ਸਾਥੀਆਂ ਦਾ ਘਿਰਾਓ ਹੋਣਾ ਚਾਹੀਦਾ ਹੈ ਤੇ ਉਹਨਾਂ ਨੂੰ ਹਰ ਮੁਹਾਜ਼ ’ਤੇ ਅਸਫਲਤਾ ਲਈ ਜ਼ਿੰਮੇਵਾਰ ਬਣਾਇਆ ਜਾਣਾ ਚਾਹੀਦਾ ਹੈ।