ਬਲਕੌਰ ਸਿੰਘ ਦੇ ਘਰ ਗੂੰਜੀਆਂ ਕਿਲਕਾਰੀਆਂ- ਹੋਇਆ ਪੁੱਤਰ ਦਾ ਜਨਮ

  • ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ ਖ਼ੁਸ਼ਖ਼ਬਰੀ

ਚੰਡੀਗੜ੍ਹ, 17 ਮਾਰਚ : ਬਲਕੌਰ ਸਿੰਘ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ। ਬਲਕੌਰ ਸਿੰਘ ਅਤੇ ਚਰਨ ਕੌਰ ਮੁੜ ਮਾਤਾ-ਪਿਤਾ ਬਣੇ ਹਨ। ਸਿੱਧੂ ਮੂਸੇਵਾਲਾ ਦੇ ਨਿੱਕੇ ਵੀਰ ਨੇ ਘਰ ਵਿੱਚ ਜਨਮ ਲਿਆ ਹੈ। ਪਿਤਾ ਬਲਕੌਰ ਸਿੰਘ ਨੇ ਇਹ ਖੁਸ਼ਖ਼ਬਰੀ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ..ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ। ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ-ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ।

ਰਾਜਾ ਵੜਿੰਗ ਨੇ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨੂੰ ਦਿੱਤੀ ਵਧਾਈ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਮੁੱਚੀ ਜ਼ਿਲ੍ਹਾ ਲੀਡਰਸ਼ਿਪ ਨਾਲ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ, ਮਾਤਾ ਚਰਨ ਕੌਰ ਸਮੇਤ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਬਲਕੌਰ ਸਿੰਘ ਦਾ ਮੂੰਹ ਮਿੱਠਾ ਕਰਵਾਇਆ। ਰਾਜਾ ਵੜਿੰਗ ਨੇ ਕਿਹਾ ਕਿ ਪੁੱਤਰ ਦੀ ਦਾਤ ਮਿਲਣ ਨਾਲ ਪਰਿਵਾਰ ਨੂੰ ਇੱਕ ਵਾਰ ਫਿਰ ਜਿਉਣ ਦਾ ਮਕਸਦ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਅੱਗੇ ਅਰਦਾਸ ਹੈ ਕਿ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੀ ਤਰ੍ਹਾਂ ਇਹ ਬੱਚਾ ਵੀ ਜਲਦ ਜਵਾਨ ਹੋ ਕੇ ਪੰਜਾਬ ਅਤੇ ਦੇਸ਼ ਦੇ ਭਲੇ ਦੀ ਗੱਲ ਕਰੇ। ਉਹਨਾਂ ਕਿਹਾ ਕਿ ਗਾਇਕ ਸਿੱਧੂ ਮੂਸੇ ਵਾਲਾ ਰੱਬ ਦਾ ਉਹ ਬੰਦਾ ਸੀ ਜਿਸਨੇ ਪੂਰੀ ਦੁਨੀਆ ਵਿੱਚ ਪੰਜਾਬ ਅਤੇ ਆਪਣੇ ਪਿੰਡ ਮੂਸੇ ਵਾਲਾ ਦਾ ਨਾਮ ਚਮਕਾਇਆ, ਦੇਸ਼ ਵਿਦੇਸ਼ ਵਿੱਚੋਂ ਸਿੱਧੂ ਮੂਸੇ ਵਾਲਾ ਦੇ ਪ੍ਰਸੰਸਕ ਮੂਸੇ ਵਾਲਾ ਪਿੰਡ ਪਹੁੰਚ ਕੇ ਉਸ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਆਏ ਜਿਸ ਨਾਲ ਪੂਰੀ ਦੁਨੀਆ ਵਿੱਚ ਮੂਸੇ ਵਾਲਾ ਦਾ ਨਾਮ ਮਸ਼ਹੂਰ ਹੋਇਆ। ਉਹਨਾਂ ਕਿਹਾ ਕਿ ਮਾੜੀ ਘੜੀ ਦੌਰਾਨ ਉਸਦਾ ਕਤਲ ਹੋਇਆ ਅਤੇ ਪਰਿਵਾਰ ਇਨਸਾਫ ਮੰਗ ਕਰ ਰਿਹਾ ਹੈ, ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਉਹਨਾਂ ਦੀ ਕੋਈ ਸੁਣਵਾਈ ਨਾ ਕਰਨਾ ਵੀ ਮੰਦਭਾਗਾ ਹੈ। ਉਹਨਾਂ ਕਿਹਾ ਕਿ ਅੱਜ ਪੁੱਤਰ ਦੀ ਦਾਤ ਬਖਸ਼ਣ ਨਾਲ ਪੂਰੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਅਤੇ ਮਾਤਾ ਪਿਤਾ ਪੁਰੇ ਹੌਸਲੇ ਵਿੱਚ ਹਨ।