ਬਾਦਲ ਨੇ ਬਠਿੰਡਾ ਤੇ ਲੁਧਿਆਣਾ ਨੂੰ ਹਵਾਈ ਜਹਾਜ਼ ਰਾਹੀਂ ਦਿੱਲੀ ਨਾਲ ਜੋੜਨ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਫੈਸਲੇ ਦਾ ਕੀਤਾ ਸਵਾਗਤ

  • ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਸਵਾਲ ਦੇ ਜਵਾਬ ਵਿਚ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਨੇ ਸਾਂਝੀ ਕੀਤੀ ਜਾਣਕਾਰੀ

ਚੰਡੀਗੜ੍ਹ, 11 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਵੱਲੋਂ ਉਡਾਣ ਰਿਜਨਲ ਕਨੈਕਟੀਵਿਟੀ ਸਕੀਮ (ਆਰ ਸੀ ਐਸ) ਤਹਿਤ ਬਠਿੰਡਾ ਤੇ ਲੁਧਿਆਣਾ ਨੂੰ 19 ਸੀਟਾਂ ਵਾਲੇ ਜਹਾਜ਼ ਰਾਹੀਂ ਦਿੱਲੀ ਨਾਲ ਜੋੜਨ ਦੇ ਫੈਸਲੇ ਦਾ ਸਵਾਗਤ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਇਕ ਸਵਾਲ ਰਾਹੀਂ ਸੰਸਦ ਵਿਚ ਇਹ ਮਾਮਲਾ ਚੁੱਕਿਆ ਸੀ ਜਿਸਦਾ ਜਵਾਬ ਦਿੰਦਿਆਂ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ। ਮੰਤਰੀ ਨੇ ਦੱਸਿਆ ਕਿ ਬਠਿੰਡਾ ਤੇ ਲੁਧਿਆਣਾ ਨੂੰ ਆਰ ਸੀ ਐਸ ਰੂਟ ਰਾਹੀਂ ਹਿੰਡਨ ਨਾਲ ਜੋੜਨ ਦਾ ਕੰਮ ਮੈਸ. ਬਿਗ ਚਾਰਟਰਜ਼ ਪ੍ਰਾਈਵੇਟ ਲਿਮਟਿਡ ਨੂੰ ਪ੍ਰਦਾਨ ਕੀਤਾ ਗਿਆ ਹੈ ਤੇ ਇਹ ਕੰਪਨੀ 19 ਸੀਟਾਂ ਦਾ ਹਵਾਈ ਜਹਾਜ਼ ਚਲਾਏਗੀ। ਬਠਿੰਡਾ-ਦਿੱਲੀ-ਬਠਿੰਡਾ ਰੂਟ ’ਤੇ ਫਲਾਈਟਾਂ ਮਾਰਚ 2020 ਤੋਂ ਬੰਦ ਹਨ ਜਦੋਂ ਕਿ ਪਹਿਲਾਂ ਦੱਸਿਆ ਤਿੰਨ ਸਾਲ ਦਾ ਸਮਾਂ ਪੂਰਾ ਹੋ ਗਿਆ ਸੀ ਜਦੋਂ ਕਿ ਲੋਕਾਂ ਖਾਸ ਤੌਰ ’ਤੇ ਵਪਾਰੀਆਂ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਇਹ ਸੇਵਾ ਮੁੜ ਸ਼ੁਰੂ ਕਰਨ ਦੀ ਜ਼ੋਰਦਾਰ ਮੰਗ ਕੀਤੀ ਜਾ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਇਹ ਸੇਵਾ ਸ਼ੁਰੂ ਕਰਨ ਵਾਸਤੇ ਨਿਰੰਤਰ ਜ਼ੋਰ ਦੇ ਰਹੇ ਸਨ ਤੇ ਉਹਨਾਂ ਇਸ ਫੈਸਲੇ ਦਾ ਸਵਾਗਤ ਕੀਤਾ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਦਮਪੁਰ ਨੂੰ ਹਿੰਡਨ, ਨਾਂਦੜ, ਕੋਲਕਾਤਾ, ਗੋਆ ਤੇ ਬੰਗਲੌਰ ਨਾਲ ਜੋੜਨ ਵਾਸਤੇ ਰੂਟ ਅਲਾਟ ਕਰਨ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਫੈਸਲੇ ਦਾ ਵੀ ਸਵਾਗਤ ਕੀਤਾ। ਉਹਨਾਂ ਕਿਹਾ ਕਿ ਆਦਮਪੁਰ ਨੂੰ ਦਿੱਲੀ, ਮੁੰਬਈ ਤੇ ਜੈਪੁਰ ਨਾਲ ਜੋੜਨ ਦੀ ਮੰਗ ਚਿਰਾਂ ਤੋਂ ਕੀਤੀ ਜਾ ਰਹੀ ਸੀ ਕਿਉਂਕਿ ਤਿੰਨ ਸਾਲਾਂ ਬਾਅਦ ਇਹ ਸੇਵਾ 2018 ਵਿਚ ਬੰਦ ਕਰ ਦਿੱਤੀ ਗਈ ਸੀ। ਸਰਦਾਰ ਬਾਦਲ ਨੇ ਆਪਣੇ ਸਵਾਲੇ ਵਿਚ ਇਹ ਵੀ ਮੰਗ ਕੀਤੀ ਕਿ ਜਿਹੜੀਆਂ ਫਲਾਈਟਾਂ ਆਦਮਪੁਰ, ਲੁਧਿਆਣਾ, ਪਠਾਨਕੋਟ ਤੇ ਬਠਿੰਡਾ ਹਵਾਈ ਅੱਡਿਆਂ ਤੋਂ ਬੰਦ ਕੀਤੀਆਂ ਗਈਆਂ ਹਨ, ਉਹ ਮੁੜ ਸ਼ੁਰੂ ਕੀਤੀਆਂ ਜਾਣ ਤੇ ਨਾਲ ਹੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਇਹ ਸੇਵਾਵਾਂ ਸ਼ੁਰੂ ਕਰਨ ਵਾਸਤੇ ਸਮਾਂ ਹੱਦ ਤੈਅ ਕਰੇ।ਅਕਾਲੀ ਦਲ ਦੇਪ੍ਰਧਾਨ ਨੇ ਬਠਿੰਡਾ-ਜੰਮੂ ਹਵਾਈ ਸੇਵਾਵਾਂ ਸ਼ੁਰੂ ਕਰਨ ਦੀ ਵੀ ਮੰਗ ਕੀਤੀ। ਉਹਨਾਂ ਕਿਹਾਕਿ ਇਹ ਫਲਾਈਟ ਜੋ ਪਹਿਲਾਂ ਹਫਤੇ ਵਿਚ ਪੰਜ ਦਿਨ ਚੱਲਦੀ ਸੀ, ਵਿਚ 70 ਫੀਸਦੀ ਸੀਟਾਂ ਭਰੀਆਂ ਰਹਿੰਦੀਆਂ ਸਨ ਤੇ ਇਹ ਵੈਸ਼ਨੂੰ ਦੇਵੀ ਤੇ ਅਮਰਨਾਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਬਹੁਤ ਸਹਾਈ ਸੀ।