ਅਕਾਲੀ ਦਲ ਨੇ ਫਿਰੋਜ਼ਪੁਰ ਬਾਈਪਾਸ ਅਤੇ ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ-ਮਲੋਟ ਸੜਕ ਦਾ ਕੰਮ ਸ਼ੁਰੂ ਕਰਨ ਦਾ ਭਰੋਸਾ ਦੇਣ ਲਈ ਗਡਕਰੀ ਦਾ ਕੀਤਾ ਧੰਨਵਾਦ

  • ਗਡਕਰੀ ਨੇ ਆਦਮਪੁਰ ਫਲਾਈਓਵਰ ਦੇ ਨਿਰਮਾਣ ਕਾਰਜ ਨੂੰ ਮੁੜ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ, ਜੋ ਕਿ 2017 ਤੋਂ ਲਟਕਿਆ ਹੋਇਆ ਹੈ
  • ਅਕਾਲੀ ਦਲ ਦੇ ਪ੍ਰਧਾਨ ਦੀ ਅਗਵਾਈ ਹੇਠ ਵਫਦ ਵੱਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ

ਚੰਡੀਗੜ੍ਹ, 9 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਸੜਕ ਟਰਾਂਸਪੋਰਟ ਤੇ ਹਾਈਵੇ ਮੰਤਰੀ ਸ੍ਰੀ ਨਿਤਿਨ ਗਡਕਰੀ ਵੱਲੋਂ ਫਿਰੋਜ਼ਪੁਰ ਬਾਈਪਾਸ ਅਤੇ ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ-ਮਲੋਟ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਨ ਦਾ ਭਰੋਸਾ ਦੇਣ ’ਤੇ ਉਹਨਾਂ ਦਾ ਧੰਨਵਾਦ ਕੀਤਾ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੇ ਵਫਦ ਨੇ ਅੱਜ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ। ਵਫਦ ਵਿਚ ਸਰਦਾਰ ਬਾਦਲ ਤੋਂ ਇਲਾਵਾ ਸਰਦਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸਰਦਾਰ ਜੋਗਿੰਦਰ ਸਿੰਘ ਜਿੰਦੂ, ਸਰਦਾਰ ਵਰਦੇਵ ਸਿੰਘ ਮਾਨ ਤੇ ਸਰਦਾਰ ਹਰਪ੍ਰੀਤ ਸਿੰਘ ਵੀ ਸ਼ਾਮਲ ਸਨ। ਵਫਦ ਨੇ ਮੰਤਰੀ ਨੂੰ ਇਹਨਾਂ ਦੋ ਪ੍ਰਾਜੈਕਟਾਂ ਦੀ ਉਸਾਰੀ ਸ਼ੁਰੂ ਕਰਵਾਉਣ ਦੀ ਲੋੜ ਬਾਰੇ ਜਾਣਕਾਰੀ ਦਿੱਤੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਵੇਂ ਫਿਰੋਜ਼ਪੁਰ ਬਾਈਪਾਸ ਵਾਸਤੇ ਮਨਜ਼ੂਰੀ ਦਿੱਤੀ ਗਈ ਤੇ ਇਸ ਲਈ ਜ਼ਮੀਨ ਵੀ ਐਕਵਾਇਰ ਹੋਗਈ ਪਰ ਹਾਲੇ ਤੱਕ ਇਸ ਵਾਸਤੇ ਰੱਖਿਆ ਮੰਤਰਾਲੇ ਤੋਂ ਮਨਜ਼ੂਰੀ ਨਹੀਂ ਮਿਲੀ। ਉਹਨਾਂ ਕਿਹਾ ਕਿ ਉਹਨਾਂ ਪਹਿਲਾਂ ਵੀ ਸ੍ਰੀ ਨਿਤਿਨ ਗਡਕਰੀ ਨੂੰ ਅਪੀਲ ਕੀਤੀ ਸੀ ਕਿ ਇਹ ਮਾਮਲਾ ਰੱਖਿਆ ਮੰਤਰਾਲੇ ਕੋਲ ਚੁੱਕਿਆ ਜਾਵੇ। ਸ੍ਰੀ ਗਡਕਰੀ ਨੇ ਅੱਜ ਭਰੋਸਾ ਦੁਆਇਆ ਕਿ ਲੋੜੀਂਦੀਆਂ ਪ੍ਰਵਾਨਗੀਆਂ ਲੈ ਲਈਆਂ ਜਾਣਗੀਆਂ ਅਤੇ ਬਾਈਪਾਸ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ ਜਿਸ ਨਾਲ ਸ਼ਹਿਰ ਵਿਚ ਟਰੈਫਿਕ ਦੀ ਮੁਸ਼ਕਿਲ ਖਤਮ ਹੋ ਜਾਵੇਗੀ। ਬਾਦਲ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੇ ਇਹ ਵੀ ਭਰੋਸਾ ਦੁਆਇਆ ਕਿ ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ-ਮਲੋਟ ਰੋਡ 10 ਮੀਟਰ ਚੌੜੀ ਕੀਤੀ ਜਾਣੀ ਹੈ।ਉਹਨਾਂ ਕਿਹਾ ਕਿ ਸੜਕ ਸੜਕ ਦੀ ਹਾਲਾਤ ਲੰਬੇ ਸਮੇਂ ਤੋਂ ਖਰਾਬ ਹੈ ਤੇ ਇਹ ਲੋਕਾਂ ਦੀ ਚਿਰੋਕਣੀ ਮੰਗ ਸੀ ਕਿ ਇਸ ਸੜਕ ਨੂੰ ਅਪਗ੍ਰੇਡ ਕੀਤਾ ਜਾਵੇ ਜੋ ਹੁਸੈਨੀਵਾਲਾ ਤੇ ਵਾਹਗਾ ਸਰਹੱਦ ਨਾਲ ਜੁੜਦੀ ਹੈ। ਅਕਾਲੀ ਦਲ ਦੇ ਵਫਦ ਨੇ ਆਦਮਪੁਰ ਫਲਾਈਓਵਰ (ਜਲੰਧਰ-ਹੁਸ਼ਿਆਰਪੁਰ ਨੈਸ਼ਨਲ ਹਾਈਵੇ ’ਤੇ) ਦੀ ਉਸਾਰੀ ਦਾ ਮੁੱਦਾ ਵੀ ਚੁੱਕਿਆ। ਇਸਦਾ ਕੰਮ 2017 ਤੋਂ ਬੰਦ ਪਿਆ ਹੈ। ਫਲਾਈਓਵਰ ਵਾਸਤੇ ਪ੍ਰਵਾਨਗੀ 2016 ਵਿਚ ਅਕਾਲੀ ਦਲ ਦੀ ਸਰਕਾਰ ਵੇਲੇ ਮਿਲ ਗਈ ਸੀ ਤੇ ਉਸੇ ਸਾਲ ਕੰਮ ਵੀ ਸ਼ੁਰੂ ਹੋ ਗਿਆ ਸੀ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਉਸਾਰੀ ਦਾ ਇਕ ਇੰਚ ਵੀ ਕੰਮ ਨਹੀਂ ਹੋਇਆ, ਜੋ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣਨ ਤੋਂ ਇੱਕ ਸਾਲ ਬਾਅਦ ਵੀ ਜਿਓਂ ਦਾ ਤਿਓਂ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕੇਂਦਰੀ ਮੰਤਰੀ ਨੂੰ ਕੰਮ ਬੰਦ ਹੋਣ ਨਾਲ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਦੇ ਮੰਗਲਵਾਰ ਨੂੰ ਆਦਮੁਪਰ ਦੇ ਦੌਰੇ ਵੇਲੇ ਲੋਕਾਂ ਨੂੰ ਉਹਨਾਂ ਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਸਹਿਯੋਗ ਨਾ ਦੇਣ ਕਾਰਨ ਉਹਨਾਂ ਦਾ ਵਪਾਰ ਤਬਾਹ ਹੋ ਰਿਹਾ ਹੈ। ਇਸਦੇ ਜਵਾਬ ਵਿਚ ਗਡਕਰੀ ਨੇ ਭਰੋਸਾ ਦੁਆਇਆ ਕਿ ਉਹ ਰਾਜ ਸਰਕਾਰ ਨਾਲ ਇਸ ਸਬੰਧੀ ਗੱਲਬਾਤ ਕਰਨਗੇ ਅਤੇ ਯਕੀਨੀ ਬਣਾਉਣਗੇ ਕਿ ਇਹ ਕੰਮ ਬਿਨਾਂ ਹੋਰ ਦੇਰੀ ਦੇ ਮੁੜ ਸ਼ੁਰੂ ਹੋਵੇ। ਵਫਦ ਨੇ ਮੰਤਰੀ ਵੱਲੋਂ ਤਿੰਨਾਂ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਦਾ ਭਰੋਸਾ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਰਹੱਦੀ ਸੂਬੇ ਲਈ ਬਹੁਤ ਲਾਹੇ ਵੰਦ ਸਾਬਤ ਹੋਣਗੇ।