ਅਕਾਲੀ ਦਲ ਵੱਲੋਂ ਸੰਸਦ ਵਿਚ ਦਿੱਲੀ ਸੇਵਾਵਾਂ ਬਿੱਲ ਦਾ ਵਿਰੋਧ

  • ਕੇਜਰੀਵਾਲ ਨੇ ਪੰਜਾਬ ਵਿਚ ਜੋ ਬੀਜਿਆ ਲੋਕਤੰਤਰੀ ਢੰਗ ਨਾਲ ਚੁਣੀ ਸਰਕਾਰ ’ਤੇ ਕਬਜ਼ਾ ਕਰ ਕੇ ਉਸਦਾ ਮੁੱਲ ਵੱਟ ਰਹੇ ਹਨ: ਹਰਸਿਮਰਤ ਕੌਰ ਬਾਦਲ
  • ਕਿਹਾਕਿ ਕਾਂਗਰਸ ਨੂੰ ਸੰਘੀ ਢਾਂਚੇ ’ਤੇ ਗੱਲ ਕਰਨ ਦਾ ਹੱਕ ਨਹੀਂ, ਕਿਹਾ ਕਿ ਇਹ ਪੰਜਾਬ ਵਿਚ ਆਮ ਆਦਮੀ ਪਾਰਟੀ ਨਾਲ ਰਲ ਕੇ ਕੰਮ ਕਰ ਰਹੀ ਹੈ
  • ਜ਼ੋਰ ਦੇ ਕੇ ਕਿਹਾ ਕਿ ਭਾਜਪਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ 1996 ਵਿਚ ਭਾਜਪਾ ਨਾਲ ਕੀਤੇ ਸਮਝੌਤੇ ਵੇਲੇ ਮੰਨੇ ਜਾਂਦੇ ਸੰਘੀ ਢਾਂਚੇ ਦੇ ਸਿਧਾਂਤ ਦੀ ਪਾਲਣਾ ਨਹੀਂ ਕਰ ਰਹੀ

ਚੰਡੀਗੜ੍ਹ, 4 ਅਗਸਤ : ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੌਮੀ ਰਾਜਧਾਨੀ ਸਰਕਾਰ ਦੇ ਖੇਤਰ (ਸੋਧ) ਬਿੱਲ, 2023 ਦਾ ਵਿਰੋਧ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਪੰਜਾਬ ਵਿਚ ਉਹੀ ਕੱਢ ਰਹੇ ਹਨ ਜੋ ਉਹਨਾਂ ਬੀਜਿਆ ਸੀ ਤੇ ਉਹਨਾਂ ਨੇ ਕੇਜਰੀਵਾਲ ’ਤੇ ਦੋਸ਼ ਲਾਇਆ‌ਕਿ ਭਾਵੇਂ ਉਹ ਰਾਜਾਂ ਵਾਸਤੇ ਵਧੇਰੇ ਤਾਕਤਾਂ ਲਈ ਕੌਮੀ ਪੱਧਰ ’ਤੇ ਮੁਹਿੰਮ ਚਲਾਉਂਦੇ ਰਹੇ ਪਰ ਉਹਨਾਂ ਪੰਜਾਬ ਵਿਚ ਲੋਕਤੰਤਰੀ ਸੰਸਥਾਵਾਂ ਨੂੰ ਦਬਾ ਕੇ ਸਰਕਾਰ ’ਤੇ ਕਬਜ਼ਾ ਕਰ ਲਿਆ। ਦਿੱਲੀ ਸਰਵਿਸਿਜ਼ ਬਿੱਲ ’ਤੇ ਸੰਸਦ ਵਿਚ ਬੋਲਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਅਰਵਿੰਦ ਕੇਜਰੀਵਾਲ ਦੇ ਦੋਗਲੇਪਣ ਦੀ ਗੱਲ ਕਰਦਿਆਂ ਕਿਹਾ ਕਿ ਆਪ ਦੇ ਕਨਵੀਨਰ ਨੇ ਦੇਸ਼ ਭਰ ਦਾ ਦੌਰਾ ਕਰ ਕੇ ਦਿੱਲੀ ਸਰਕਾਰ ਵਾਸਤੇ ਵੱਧ ਤਾਕਤਾਂ ਲਈ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਪੰਜਾਬ ਵਿਚ ਲੋਕਤੰਤਰੀ ਢੰਗ ਨਾਲ ਚੁਣੀ ਸਰਕਾਰ ਦੀਆਂ ਸਾਰੀਆਂ ਤਾਕਤਾਂ ਖੋਹ ਲਈਆਂ। ਉਹਨਾਂ ਕਿਹਾ ਕਿ ਪੰਜਾਬ ਵਿਚ ਭਾਵੇਂ ਡੀ ਜੀ ਪੀ ਲਾਉਣ ਦੀ ਗੱਲ ਹੋਵੇ, ਐਡਵੋਕੇਟ ਜਨਰਲ ਜਾਂ ਫਿਰ ਰਾਜ ਸਭਾ ਮੈਂਬਰਾਂ ਲਈ ਉਮੀਦਵਾਰਾਂ ਦੀ ਚੋਣ ਦੀ ਗੱਲ ਹੋਵੇ, ਹਰ ਕਿਸੇ ’ਤੇ ਦਿੱਲੀ ਭਾਰੂ ਰਹੀ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਸਵਾਲ ਕੀਤਾ ਕਿ ਕਿਹੜੀਆਂ ਤਾਕਤਾਂ ਦੀ ਗੱਲ ਉਹ ਕਰ ਰਹੀ ਹੈ ਜਦੋਂ ਕਿ ਪੰਜਾਬ ਹੜ੍ਹਾਂ ਦਾ ਸੰਤਾਪ ਝੱਲ ਰਿਹਾ ਹੈ ਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਕੇਜਰੀਵਾਲ ਨੂੰ ਇਕ ਰਾਜ ਤੋਂ ਦੁਜੇ ਰਾਜ ਵਿਚ ਲੈ ਕੇ ਜਾਣ ਵਿਚ ਰੁੱਝੇ ਹੋਏ ਹਨ। ਉਹਨਾਂ ਕਿਹਾ ਕਿ ਜਿਸ ਵੇਲੇ ਪੰਜਾਬੀ ਸਰਕਾਰ ਤੋਂ ਰਾਹਤ ਦੀ ਮੰਗ ਕਰ ਰਹੇ ਹਨ, ਉਦੋਂ ਮੁੱਖ ਮੰਤਰੀ ਬੰਗਲੌਰ ਵਿਚ ਕਾਂਗਰਸ ਦੀ ਅਗਵਾਈ ਵਾਲੀ ਗਠਜੋੜ ਦੀਆਂ ਮੀਟਿੰਗਾਂ ਵਿਚ ਰੁੱਝੇ ਹਨ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਕਿਵੇਂ ਦਿੱਲੀ ਦੀ ਤਰਜ਼ ’ਤੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਕਰ ਰਹੀ ਹੈ ਤੇ ਪੰਜਾਬ ਆਬਕਾਰੀ ਘੁਟਾਲੇ ਵਿਚ ਸੈਂਕੜੇ ਕਰੋੜਾਂ ਰੁਪਏ ਦਾ ਗਬਨ ਹੋਇਆ ਹੈ ਤੇ ਉਹਨਾਂ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਸਵਾਲ ਕੀਤਾ ਕਿ ਇਸ ਮਾਮਲੇ ’ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਦੋਂ ਕਿ ਉਹਨਾਂ ਆਪ ਇਸ ਮਾਮਲੇ ਦੇ ਵੇਰਵੇ ਉਹਨਾਂ ਤੋਂ ਮੰਗੇ ਸਨ। ਬਠਿੰਡਾ ਦੇ ਐਮ ਪੀ ਨੇ ਆਮ ਆਦਮੀ ਪਾਰਟੀ ਨੂੰ ਕਿਹਾ ਕਿ ਜਿਸਦਾ ਉਹ ਪ੍ਰਚਾਰ ਕਰਦੀ ਹੈ, ਉਸ ’ਤੇ ਹੀ ਪਹਿਰਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਤਾਕਤਾਂ ਦਿੱਲੀ ਸਰਕਾਰ ਨੂੰ ਆਊਟਸੋਰਸ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਦਿੱਲੀਸਰਕਾਰ ਵੱਲੋਂ ਪੰਜਾਬ ਨੂੰ ਚਲਾਉਣ ਲਈ ਐਮ ਓ ਯੂ ’ਤੇ ਹਸਤਾਖ਼ਰ ਕਰ ਕੇ ਇਸਨੂੰ ਰਸਮੀ ਰੂਪ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ। ਪੰਜਾਬ ਦੇ ਸਰੋਤਾਂ ਦੀ ਵਰਤੋਂ ਆਮ ਆਦਮੀ ਪਾਰਟੀ ਦੇ ਪ੍ਰਚਾਰ ਵਾਸਤੇ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਾਲਾਨਾ 750 ਕਰੋੜ ਰੁਪਏ ਦਾ ਬਜਟ ਸਿਰਫ ਇਸ ਮਕਸਦ ਵਾਸਤੇ ਰੱਖਿਆ ਗਿਆ ਹੈ ਜੋ ਸੰਸਥਾਗਤ ਲੁੱਟ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਸਰਦਾਰਨੀ ਬਾਦਲ ਨੇ ਇਸ ਮੌਕੇ ਕਾਂਗਰਸ ਨੂੰ ਵੀ ਕਰੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਸੰਘੀ ਢਾਂਚੇ ’ਤੇ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਇਸਨੇ ਹੀ ਐਮਰਜੰਸੀ ਲਗਾਈ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਸਮੇਤ ਸਿੱਖਾਂ ਦਾ ਕਤਲੇਆਮ ਕਰਵਾਇਆ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨੇ ਆਪਣੀ ਪੰਜਾਬ ਇਕਾਈ ਨੂੰ ਭੰਗ ਕਰ ਕੇ ਆਪ ਨਾਲ ਰਲੇਵਾਂ ਕੀਤਾ ਤੇ ਉਸ ਨਾਲ ਰਲ ਕੇ ਕੰਮ ਕਰ ਰਹੀ ਹੈ। ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੇਂਦਰ ਸਰਕਾਰ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ 1996 ਵਿਚ ਭਾਜਪਾ ਨਾਲ ਗਠਜੋੜ ਕਰਨ ਵੇਲੇ ਅਪਣਾਏ ਗਏ ਸੰਘੀ ਢਾਂਚੇ ਦੇ ਸਿਧਾਂਤ ਦੀ ਪਾਲਣਾ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਸਰਦਾਰ ਬਾਦਲ ਨੇ ਕਿਹਾ ਸੀ ਕਿ ਖੇਤਰੀ ਪਾਰਟੀਆਂ ਤੇ ਕੌਮੀ ਪਾਰਟੀਆਂ ਜੋ ਰਾਜਾਂ ਨੂੰ ਵੱਧ ਅਧਿਕਾਰ ਦੇ ਕੇ ਉਹਨਾਂ ਦੇ ਇਕਜੁੱਟ ਹੋਣ ਵਿਚ ਵਿਸ਼ਵਾਸ ਕਰਦੀਆਂ ਹਨ। ਉਹਨਾਂ ਕਿਹਾ ਕਿ ਸਰਦਾਰ ਬਾਦਲ ਨੇ ਇਹ ਵੀ ਕਿਹਾ ਸੀ ਕਿ ਸੰਵਿਧਾਨ ਨੂੰ ਇਸ ਤਰੀਕੇ ਨਾਲ ਰਚਿਆ ਗਿਆ ਹੈ ਕਿ ਉਹ ਲੋਕਾਂ ਦੀਆਂ ਆਸਾਂ ’ਤੇ ਖਰ੍ਹਾ ਉਤਰਦਾ ਹੈ ਤੇ ਵੱਖ-ਵੱਖ ਧਾਰਮਿਕ, ਭਾਸ਼ਾਈ ਤੇ ਸਮਾਜਿਕ ਸਮੂਹਾਂ ਦੀਆਂ ਇੱਛਾਵਾਂ ’ਤੇ ਖਰ੍ਹਾ ਉਤਰਦਾ ਹੈ। ਇਹ ਆਪਸੀ ਸਮਝ ਲਾਗੂ ਹੋਣੀ ਚਾਹੀਦੀ ਹੈ।