ਅਕਾਲੀ ਦਲ ਨੇ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਮੂਹਰੇ ਧਰਨਾ ਦੇ ਰਹੇ ਅਧਿਆਪਕਾਂ ’ਤੇ ਲਾਠੀਚਾਰਜ ਕਰਨ ਦੀ ਕੀਤੀ ਨਿਖੇਧੀ

  • ਬਜਾਏ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਆਪ ਸਰਕਾਰ ਉਹਨਾਂ ਦੀ ਆਵਾਜ਼ ਕੁਚਲ ਰਹੀ ਹੈ : ਮਲੂਕਾ

ਚੰਡੀਗੜ੍ਹ, 02 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਸੰਗਰੂਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਮੂਹਰੇ ਧਰਨਾ ਦੇ ਰਹੇ ਅਧਿਆਪਕਾਂ ’ਤੇ ਆਪ ਸਰਕਾਰ ਵੱਲੋਂ ਲਾਠੀਚਾਰਜ ਕਰਨ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਅਧਿਆਪਕਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਬਜਾਏ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਆਪਣਾ ਵਾਅਦਾ ਨਿਭਾਉਣ ਦੇ ਆਪ ਸਰਕਾਰ ਉਹਨਾਂ ਲੋਕਾਂ ਦੀ ਆਵਾਜ਼ ਕੁਚਲ ਰਹੀ ਹੈ ਜੋ ਸਰਕਾਰ ਤੋਂ ਆਪਣਾ ਵਾਅਦਾ ਪੂਰਾ ਕਰਨ ਵਾਸਤੇ ਆਖ ਰਹੇ ਹਨ। ਮਲੂਕਾ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਆਪ ਸਰਕਾਰ ਉਹਨਾਂ ਅਧਿਆਪਕਾਂ ਨਾਲ ਕੁੱਟਮਾਰ ਕਰ ਰਹੀਹੈ  ਜੋ ਆਪਣੇ ਵਾਜਬ ਹੱਕਾਂ ਦੀ ਪੂਰਤੀ ਵਾਸਤੇ ਰੋਸ ਮੁਜ਼ਾਹਰਾ ਕਰ ਰਹੇ ਹਨ।ਉਹਨਾਂ ਨੇ ਮੁੱਖ ਮੰਤਰੀ ’ਤੇ ਇਸ ਮਾਮਲੇ ਵਿਚ ਦੋਗਲੇਪਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਭਗਵੰਤ ਮਾਨ ਨੇ ਪਹਿਲਾਂ ਵਿਰੋਧੀ ਧਿਰ ਵਿਚ ਹੁੰਦਿਆਂ ਉਸ ਵੇਲੇ ਮੁਲਾਜ਼ਮਾਂ ਨਾਲ ਹੁੰਦੀ ਬਦਸਲੂਕੀ ਦੀਆਂ ਵੀਡੀਓ ਸਾਂਝੀਆਂ ਕਰ ਕੇ ਇਸ ਵਧੀਕੀ ਦਾ ਵਿਰੋਧ ਕੀਤਾ ਸੀ ਤੇ ਨਾਲ ਹੀ ਵਾਅਦਾ ਕੀਤਾ ਸੀ ਕਿ ਸੂਬੇ ਵਿਚ ਆਪ ਸਰਕਾਰ ਬਣਨ ’ਤੇ ਉਹਨਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਹੁਣ ਸਰਦਾਰ ਮਾਨ ਨੇ ਸੂਬਾ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਹਰ ਤਰ੍ਹਾਂ ਦੀਆਂ ਲੋਕਤੰਤਰੀ ਮੁਹਿੰਮਾਂ ਨੂੰ ਕੁਚਲਿਆ ਜਾਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਤਾਂ ਰੋਜ਼ਾਨਾ ਆਧਾਰ ’ਤੇ ਨਾਟਕਾਂ ਨਾਲ ਮੁੱਖ ਮੰਤਰੀ ਦੇ ਅਹੁਦੇ ਦੇ ਮਾਣ ਸਨਮਾਨ ਨੂੰ ਵੀ ਠੇਸ ਪਹੁੰਚਾਈ ਹੈ। ਉਹਨਾਂ ਕਿਹਾਕਿ  ਸਰਦਾਰ ਮਾਨ ਸਸਤੀ ਸ਼ੋਹਰਤ ਹਾਸਲ ਕਰਨ ਵਾਸਤੇ ਦੋਗਲਾਪਨ ਅਪਣਾਇਆ ਹੋਇਆ ਹੈ ਤੇ ਉਹ ਦਾਅਵਾ ਕਰ ਰਹੇ ਹਨ ਕਿ ਉਹਨਾਂ ਦੀ ਸਰਕਾਰ ਨੇ ਠੇਕੇ ’ਤੇ ਕੰਮ ਕਰਦੇ ਅਧਿਆਪਕਾਂ ਨੂੰ ਰੈਗੂਲਰ ਕਰ ਦਿੱਤਾ ਹੈ ਜਦੋਂ ਕਿ ਇਹ ਵਾਅਦਾ ਹੁਣ ਤੱਕ ਪੂਰਾ ਨਹੀਂ ਕੀਤਾ ਗਿਆ।