ਰੋਪੜ ‘ਚ ਵਕੀਲ ਵੱਲੋਂ ਪਤਨੀ ਅਤੇ ਨਾਬਾਲਗ ਪੁੱਤ ਨਾਲ ਮਿਲ ਕੇ ਬਜ਼ੁਰਗ ਬਿਮਾਰ ਮਾਂ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ 

ਰੋਪੜ, 28 ਅਕਤੂਬਰ : ਰੋਪੜ ‘ਚ ਇੱਕ ਵਕੀਲ ਵੱਲੋਂ ਆਪਣੀ ਪਤਨੀ ਅਤੇ ਨਾਬਾਲਗ ਪੁੱਤਰ ਨਾਲ ਮਿਲ ਕੇ ਬਜ਼ੁਰਗ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਰੂਪਨਗਰ ਪੁਲਿਸ ਨੇ ਬਿਮਾਰ ਬਜ਼ੁਰਗ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਵਕੀਲ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ 'ਚ ਰੋਪੜ ਬਾਰ ਐਸੋਸੀਏਸ਼ਨ ਨੇ ਵੀ ਉਸ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ 'ਚ ਵਕੀਲ ਅੰਕੁਰ ਵਰਮਾ ਤੋਂ ਇਲਾਵਾ ਉਸ ਦੀ ਪਤਨੀ ਸੁਧਾ ਵਰਮਾ ਅਤੇ ਨਾਬਾਲਗ ਪੁੱਤਰ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਗਿਆਨੀ ਜ਼ੈਲ ਸਿੰਘ ਨਗਰ ‘ਚ ਆਪਣੀ ਮਾਂ ਨੂੰ ਮਿਲਣ ਆਈ ਬੇਟੀ ਨੇ ਸੀਸੀਟੀਵੀ ਫੁਟੇਜ ਦੇਖੀ। ਬੇਟੀ ਨੇ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਪੁਲਸ ਨੂੰ ਸ਼ਿਕਾਇਤ ਦਿੱਤੀ। ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਵਕੀਲ ਅੰਕੁਰ ਵਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਵਕੀਲ ਬੇਟਾ ਤੇ ਉਸ ਦੀ ਪਤਨੀ ਬਜ਼ੁਰਗ ਬਿਮਾਰ ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਸਨ। ਹੋਰ ਤਾਂ ਹੋਰ ਪੋਤਾ ਵੀ ਮਾਂ-ਬਾਪ ਨਾਲ ਮਿਲ ਕੇ ਦਾਦੀ ਨੂੰ ਕੁੱਟਦਾ ਰਿਹਾ। ਇਹ ਸਭ ਕੁਝ ਪਰਿਵਾਰ ਵੱਲੋਂ ਕਮਰੇ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਿਆ ਸੀ। ਥਾਣਾ ਸਿਟੀ ਰੋਪੜ ਦੇ ਐਸਐਚਓ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਵਕੀਲ ਆਪਣੀ ਪਤਨੀ ਅਤੇ ਪੁੱਤਰ ਨਾਲ ਮਿਲ ਕੇ ਬਿਮਾਰ ਬਜ਼ੁਰਗ ਮਾਂ ਦੀ ਕਾਫੀ ਸਮੇਂ ਤੋਂ ਕੁੱਟਮਾਰ ਕਰ ਰਿਹਾ ਸੀ। ਬਜੁਰਗ ਮਾਂ ਨੂੰ ਮਨੁੱਖਤਾ ਦੀ ਸੇਵਾ ਸੰਸਥਾ ਦੇ ਗੁਰਪ੍ਰੀਤ ਸਿੰਘ ਨੇ ਪੁਲਿਸ ਦੀ ਮਦਦ ਨਾਲ ਬਚਾਇਆ ਹੈ। ਅਚਾਨਕ ਮਾਂ ਨੂੰ ਮਿਲਣ ਲਈ ਧੀ ਘਰ ਆਈ ਤਾਂ ਉਸ ਦੇ ਹੱਥ  ਕੈਮਰਿਆਂ ਦਾ ਵਾਈਫਾਈ ਕੋਡ ਲੱਗ ਗਿਆ ਤੇ ਉਸ ਨੇ ਸਾਰੀ ਸੀਸੀਟੀਵੀ ਦੇਖੀ।ਲੜਕੀ ਨੇ ਇਹ ਸਾਰੀਆਂ ਵੀਡੀਓਜ਼ ਮਨੁੱਖਤਾ ਦੀ ਸੇਵਾ ਸੰਸਥਾ ਨੂੰ ਦੇ ਦਿਖਾਈਆਂ ਜਿਸ ਤੋਂ ਬਾਅਦ ਉਹ ਸੇਵਾ ਲਈ ਪਹੁੰਚੇ। ਬਜ਼ੁਰਗ ਮਾਂ ਆਸ਼ਾ ਰਾਣੀ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਬਜ਼ੁਰਗ ਮਾਂ ਦੀ ਧੀ ਖ਼ਾਲਸਾ ਕਾਲਜ ਵਿਚ ਲੈਕਚਰਾਰ ਹੈ ਅਤੇ ਆਸ਼ਾ ਰਾਣੀ ਦਾ ਪਤੀ ਹਰੀ ਚੰਦ ਵਰਮਾ ਵੀ ਰੂਪਨਗਰ ਦਾ ਨਾਮੀਂ ਵਕੀਲ ਰਿਹਾ ਹੈ।  ਬਜ਼ੁਰਗ ਮਾਤਾ ਨੂੰ ਰੈਸਕਿਊ ਕਰਨ ਮੌਕੇ ਸੰਸਥਾ ਦੇ ਆਗੂਆਂ ਵੱਲੋਂ ਵਕੀਲ ਦੀਆਂ ਵੀਡੀਓਜ਼ ਵੀ ਦਿਖਾਈਆਂ ਗਈਆਂ ਤੇ ਉਸ ਨੂੰ ਲਾਹਨਤਾਂ ਪਾਈਆਂ ਤੇ ਕਾਰਵਾਈ ਦੀ ਗੱਲ ਕਹੀ,ਜਿਸ ਤੋਂ ਬਾਅਦ ਵਕੀਲ ਤੇ ਉਸ ਦੀ ਘਰਵਾਲੀ ਮਿੰਨਤਾਂ ਕਰਦੇ ਰਹੇ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਕੀਲ ਪੁੱਤਰ ਨੇ ਕੁਝ ਸਮਾਂ ਪਹਿਲਾਂ ਹੀ ਜਾਇਦਾਦ ਦੀ ਤਬਦੀਲ ਕੀਤੀ ਹੈ, ਜਿਸ ਦੇ ਦਸਤਾਵੇਜ਼ ਉਨ੍ਹਾਂ ਕੋਲ ਮੌਜੂਦ ਹਨ। ਇਸ ਮੌਕੇ ਕੁਦਰਤ ਦੇ ਸਭ ਬੰਦੇ ਸੰਸਥਾ ਦੇ ਪ੍ਰਧਾਨ ਵਿੱਕੀ ਧੀਮਾਨ ਅਤੇ ਸਾਰੇ ਮੈਂਬਰ ਵੀ ਹਾਜ਼ਰ ਸਨ।  ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਵਕੀਲ ਅੰਕੁਰ ਵਰਮਾ ਉਨ੍ਹਾਂ ਦੀ ਪਤਨੀ ਅਤੇ ਇਕ ਨਾਬਾਲਗ ਪੁੱਤਰ ‘ਤੇ ਧਾਰਾਵਾਂ 323, 342,355, ਅਤੇ 327 ਆਈ. ਪੀ. ਸੀ. ਸਮੇਤ ਮਾਪਿਆਂ ਦੀ ਸੇਵਾ ਅਤੇ ਸੰਭਾਲ ਲਈ ਬਣੇ ਐਕਟ ਦੇ ਸੈਕਸ਼ਨ 24 ਅਧੀਨ ਐੱਫ਼. ਆਈ. ਆਰ. ਦਰਜ ਕਰਕੇ ਅੰਕੁਰ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਬਜ਼ੁਰਗ ਮਾਤਾ ਦੀ ਧੀ ਦੀ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਕੀਤੀ ਗਈ ਹੈ। ਉਥੇ ਹੀ ਦੂਜੇ ਪਾਸੇ ਰੋਪੜ ਐਸੋਸੀਏਸ਼ਨ ਨੇ ਵਕੀਲ ਅਕੁੰਰ ਦੀ ਮੈਂਬਰਸ਼ਿੱਪ ਰੱਦ ਕਰ ਦਿੱਤੀ ਹੈ ਅਤੇ ਵਕੀਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਬਾਰ ਕੌਂਸਲ ਵੱਲੋਂ ਲਾਇਸੈਂਸ ਨੂੰ ਰੱਦ ਕਰਨ ਦੀ ਕੀਤੀ ਮੰਗ ਕੀਤੀ ਗਈ ਹੈ। ਡੀ. ਸੀ. ਤੋਂ ਵਕੀਲ ਨੂੰ ਮਿਲਿਆ ਚੈਂਬਰ ਵੀ ਰੱਦ ਕਰਨ ਦੀ ਗੱਲ ਕਹੀ ਗਈ ਹੈ। ਅੱਗੇ ਦੀ ਹੋਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਰੋਪੜ੍ਹ ਦੇ ਵਕੀਲ ਵੱਲੋਂ ਲੈਕਚਰਾਰ ਮਾਂ ਦੀ ਕੁੱਟਮਾਰ ਦੀ ਕਾਰਵਾਈ ਨਿੰਦਣਯੋਗ : ਡਾ.ਬਲਜੀਤ ਕੌਰ
ਕੁੱਟਮਾਰ ਕਰਨ ਵਾਲੇ ਪੁੱਤਰ ਨੂੰਹ ਅਤੇ ਪੋਤੇ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੁਕਮ

ਰੋਪੜ੍ਹ ਦੇ ਵਕੀਲ ਅੰਕੁਰ ਵਰਮਾ, ਉਸ ਦੀ ਪਤਨੀ ਅਤੇ ਪੁੱਤਰ ਵੱਲੋਂ ਲੈਕਚਰਾਰ ਮਾਂ ਦੀ ਕੁੱਟਮਾਰ ਦੀ ਕਾਰਵਾਈ ਅਤਿ ਨਿੰਦਣਯੋਗ ਹੈ। ਉਕਤ ਪ੍ਰਗਟਾਵਾ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਇੱਥੇ ਕੀਤਾ। ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਇਸ ਮਾਮਲੇ ਸਬੰਧੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਨੂੰ ਹੁਕਮ ਦਿੱਤੇ ਕਿ ਉਹ ਇਸ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਜਲਦ ਤੋਂ ਜਲਦ ਪੇਸ਼ ਕਰਨ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਰੋਪੜ ਨੂੰ ਨਿਰਦੇਸ਼ ਦਿੱਤੇ ਕਿ ਅੰਡਰ ਸੈਕਸ਼ਨ 327, 342, 344, 355 ਆਈ ਪੀ ਸੀ ਅਤੇ ਸੈਕਸ਼ਨ 6 ਮੇਨਟੇਨੈਸ ਆਫ ਪੇਰੈਂਟਸ ਐਡ ਵੈਲਫੇਅਰ ਆਫ ਸੀਨੀਅਰ ਸਿਟੀਜਨ ਐਕਟ ਅਧੀਨ ਕੁੱਟਮਾਰ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਸ ਉਪਰੰਤ ਕੁੱਟਮਾਰ ਕਰਨ ਵਾਲੇ ਵਕੀਲ ਅੰਕੁਰ ਵਰਮਾ ਖਿਲਾਫ ਐਫ.ਆਈ.ਆਰ ਦਰਜ਼ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਰੋਪੜ੍ਹ ਵਿਖੇ ਵਕੀਲ ਪੁੱਤਰ ਵੱਲੋਂ ਲੈਕਚਰਾਰ ਮਾਂ ਦੀ ਕੁੱਟਮਾਰ ਸਬੰਧੀ ਜਾਣਕਾਰੀ ਉਨ੍ਹਾਂ ਨੂੰ ਸਖੀ ਵਨ ਸਟਾਪ ਸੈਂਟਰ ਰਾਹੀਂ ਪ੍ਰਾਪਤ ਹੋਈ ਸੀ। ਸੂਬੇ ਦੇ ਸਖੀ ਵਨ ਸਟਾਪ ਸੈਂਟਰਾਂ ਵਿੱਚ ਔਰਤਾਂ ਦੀ ਸੁਰੱਖਿਆ ਲਈ ਮੁਫ਼ਤ ਸੇਵਾਵਾਂ ਉਪਲਬੱਧ ਕਰਵਾਈਆਂ ਜਾਂਦੀਆਂ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਇਹ ਮਾਮਲਾ ਸੱਭਿਅਕ ਸਮਾਜ ਵਿੱਚ ਬਜ਼ੁਰਗਾਂ ਵਿੱਚ ਡਰ ਦੀ ਭਾਵਨਾ ਪੈਦਾ ਕਰਨ ਵਾਲਾ ਅਤੇ ਸਮਾਜ ਵਿੱਚ ਬਜ਼ੁਰਗਾਂ ਨੂੰ ਅਣਗੌਲਿਆਂ ਕਰਨ ਵਾਲਾ ਹੈ। ਡਾ.ਬਲਜੀਤ ਕੌਰ ਨੇ ਕਿਹਾ ਕਿ ਉਹ ਰੋਪੜ ਵਿੱਚ ਵਾਪਰੀ ਇਸ ਘਟਨਾ ਦੇ ਰੋਸ ਵਜੋਂ ਸ਼ਹਿਰ ਵਿੱਚ ਇੱਕ ਜਾਗਰੂਕਤਾ ਮਾਰਚ ਕੱਢਣਗੇ ਤਾਂ ਜੋਂ ਲੋਕਾਂ ਨੂੰ ਬਜ਼ੁਰਗਾਂ ਪ੍ਰਤੀ ਸਹੀ ਨਜ਼ਰੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਇਹੋ ਜਿਹੀਆਂ ਘਟਨਾਵਾਂ ਦੇ ਵਾਪਰਨ ਨਾਲ ਸਮਾਜਿਕ ਰਿਸ਼ਤੇ ਤਾਰ-ਤਾਰ ਹੁੰਦੇ ਹਨ।