ਪੰਜਾਬ ਨੂੰ ਜਿਹੜੇ ਹਾਲਾਤਾਂ 'ਚ ਕਾਂਗਰਸ ਛੱਡ ਕੇ ਗਈ ਸੀ, ਉਸ ਨੂੰ ਬਾਖੂਬੀ ਸੰਭਾਲ ਰਹੀ ਹੈ ਆਪ : ਅਰਵਿੰਦ ਖੰਨਾ

  • ਅਸਲੀਅਤ ਤੋਂ ਦੂਰ ਫਲੈਕਸਾਂ 'ਚ ਹੀ ਵਿਕਾਸ ਦੇਖ ਰਹੇ ਹਨ ਪੰਜਾਬੀ: ਅਰਵਿੰਦ ਖੰਨਾ

ਚੰਡੀਗੜ੍ਹ, 13 ਅਗਸਤ : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਸੋਸ਼ਲ ਮੀਡਿਆ ਰਾਹੀਂ ਹੋਦ ਵਿੱਚ ਆਈ ਸੂਬੇ ਦੀ ਆਪ ਸਰਕਾਰ ਦੀ ਇਸ ਸਮੇਂ ਸੋਸ਼ਲ ਮੀਡਿਆ ਵਿੱਚ ਹੀ ਕਿਰਕਿਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੋਸ਼ਲ ਮੀਡਿਆ ਰਾਹੀਂ ਕੀਤੇ ਜਾਂਦੇ ਕਥਿਤ ਵਿਕਾਸ ਅਤੇ ਹੋਰ ਕੰਮਾਂ ਦੇ ਦਾਅਵਿਆਂ ਦਾ ਲੋਕ ਆਪਣੀਆਂ ਟਿੱਪਣੀਆਂ ਰਾਹੀਂ ਰੱਜ ਕੇ ਜਲੂਸ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮੰਚ ਰਾਹੀਂ ਦਾਅਵੇ ਤਾਂ ਵੱਡੇ-ਵੱਡੇ ਕਰਦੇ ਹਨ ਪਰ ਉਹ ਲੋਕਾਂ ਦੇ ਮਨਾਂ ਦੇ ਗੁਬਾਰ ਰੂਪੀ ਟਿੱਪਣੀਆਂ ਨੂੰ ਪੜ੍ਹਣ ਦੀ ਹਿੰਮਤ ਨਹੀਂ ਜੁਟਾ ਪਾ ਰਹੇ, ਜਿਸ ਦਾ ਵੱਡਾ ਕਾਰਨ ਹੈ ਕਿ ਇਸ ਸਰਕਾਰ ਨੇ ਨਾ ਤਾਂ ਆਪਣੇ ਕਿਸੇ ਵਾਅਦੇ ਦੀ ਪੂਰਤੀ ਕੀਤੀ ਹੈ ਅਤੇ ਨਾ ਹੀ ਕੋਈ ਯੋਜਨਾ ਅਮਲ ਵਿੱਚ ਲਿਆਂਦੀ ਹੈ। ਉਹਨਾਂ  ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਸਹੂਲਤਾਂ ਵਿੱਚ ਵੱਡਾ ਬਦਲਾਅ ਲੈ ਕੇ ਆਉਣ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਦੋਨੇ ਵਿਭਾਗ ਹੀ ਮਾੜੀ ਹਾਲਤ ਵਿੱਚ ਆ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਵਿਕਾਸ ਵੀ ਫਲੈਕਸਾਂ ਵਿੱਚ ਹੀ ਦਿਖਾਈ ਦਿੰਦਾ ਹੈ ਜਦਕਿ ਅਸਲੀਅਤ ਵਿੱਚ ਪੰਜਾਬ ਦੀ ਸਥਿਤੀ ਬਦ ਨਾਲੋਂ ਬਦਤਰ ਹੋ ਕੇ ਰਹਿ ਗਈ ਹੈ। ਨੌਜਵਾਨ ਰੋਜ਼ਗਾਰ ਲਈ ਭਟਕ ਰਹੇ ਹਨ, ਪਰ ਉਨ੍ਹਾਂ ਪੱਲੇ ਨਿਰਾਸ਼ਾ ਹੀ ਪੈਂਦੀ ਹੈ। ਅਖੀਰ ਵਿਚ ਉਹਨਾਂ  ਨੇ ਕਿਹਾ ਕਿ ਸੋਸ਼ਲ ਮੀਡਿਆ ਤੇ ਲੋਕ ਆਪ ਸਰਕਾਰ ਸਮੇਤ ਇਸਦੀ ਭਾਈਵਾਲ ਬਣੀ ਵਿਰੋਧੀ ਧਿਰ ਕਾਂਗਰਸ ਨੂੰ ਰੱਜ ਕੇ ਕੋਸ ਰਹੇ ਹਨ। ਉਹ ਦਾਅਵਾ ਕਰਦੇ ਹਨ ਕਿ ਨਸ਼ਾ, ਬੇਰੋਜਗਾਰੀ, ਅਮਨ-ਕਾਨੂੰਨ, ਧਰਨੇ ਮੁਜਾਹਰੇ ਵਿਚਕਾਰ ਜਿਹੜੇ ਹਾਲਾਤਾਂ ਵਿਚ ਕਾਂਗਰਸ ਸੂੱਬੇ ਨੂੰ ਛੱਡ ਕੇ ਗਈ ਸੀ ਉਸਦੀ ਭਾਈਵਾਲ ਆਪ ਸਰਕਾਰ ਉਸ ਵਿਰਾਸਤ ਨੂੰ ਬਾਖੂਬੀ ਸੰਭਾਲੇ ਹੋਏ ਹੈ।