
- ਪਰਵਿੰਦਰ ਸਿੰਘ ਸੋਹਾਣਾ ਖਿਲਾਫ ਝੂਠਾ ਕੇਸ ਦਰਜ ਕਰਨਾ ਬੇਹੱਦ ਨਿੰਦਣਯੋਗ: ਅਰਸ਼ਦੀਪ ਸਿੰਘ ਕਲੇਰ
ਚੰਡੀਗੜ੍ਹ, 1 ਦਸੰਬਰ 2024 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸੂਬੇ ਵਿਚ ਅਣਐਲਾਨੀ ਐਮਰਜੰਸੀ ਲਗਾ ਦਿੱਤੀ ਹੈ ਤੇ ਪਾਰਟੀ ਨੇ ਇਸਦੇ ਮੁਹਾਲੀ ਇੰਚਾਰਜ ਪਰਵਿੰਦਰ ਸਿੰਘ ਸੋਹਣਾ ਖਿਲਾਫ ਝੂਠਾ ਕੇਸ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਪੁਲਿਸ ਦਾਅਵਾ ਕਰ ਰਹੀ ਹੈ ਕਿ ਮੁਹਾਲੀ ਵਿਚ ਪ੍ਰਵਾਸੀਆਂ ਵੱਲੋਂ ਮਾਰੇ ਗਏ ਦੋ ਪੰਜਾਬੀ ਨੌਜਵਾਨਾਂ ਲਈ ਇਨਸਾਫ ਲੈਣ ਲਈ ਲੱਗੇ ਧਰਨੇ ਵਿਚ ਪਰਵਿੰਦਰ ਸਿੰਘ ਸੋਹਾਣਾ ਦੀ ਹਾਜ਼ਰੀ ਕਾਰਣ ਕਾਨੂੰਨ ਵਿਵਸਥਾ ਨੂੰ ਖ਼ਤਰਾ ਸੀ। ਉਹਨਾਂ ਕਿਹਾ ਕਿ ਪੰਜਾਬ ਵਿਚ ਲੋਕਾਂ ਨੂੰ ਧਰਨੇ ਇਸ ਕਰ ਕੇ ਲਗਾਉਣੇ ਪੈ ਰਹੇ ਹਨ ਕਿਉਂਕਿ ਭਗਵੰਤ ਮਾਨ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਵਜੋਂ ਪੂਰੀ ਤਰ੍ਹਾਂ ਨਾਕਾਮ ਹੋਣ ਕਾਰਣ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਗਈ ਹੈ। ਉਹਨਾਂ ਕਿਹਾ ਕਿ ਲੁੱਟਾਂ ਖੋਹਾਂ, ਕਤਲ ਤੇ ਫਿਰੌਤੀਆਂ ਰੋਜ਼ ਦਾ ਕੰਮ ਹੋ ਗਿਆ ਹੈ ਕਿਉਂਕਿ ਪੰਜਾਬ ਵਿਚ ਸਰਕਾਰੀ ਤੰਤਰ ਢਹਿ ਢੇਰੀ ਹੋ ਗਿਆ ਹੈ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਲਈ ਜੋ ਸਰਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਕੀਤਾ, ਉਹ ਇਕ ਉਦਾਹਰਣ ਹੈ ਕਿ ਜਨਤਕ ਜੀਵਨ ਵਿਚ ਸ਼ਖਸੀਅਤਾਂ ਨੂੰ ਕਿਵੇਂ ਸਰਕਾਰ ਦੀਆਂ ਅਫਸਲਤਾਵਾਂ ਕਾਰਣ ਆਮ ਆਦਮੀ ਨੂੰ ਹੁੰਦੀਆਂ ਤਕਲੀਫਾਂ ਲਈ ਨਿਆਂ ਹਾਸਲ ਕਰਨ ਵਾਸਤੇ ਅੱਗੇ ਆਉਣਾ ਚਾਹੀਦਾ ਹੈ। ਅਕਾਲੀ ਆਗੂ ਨੇ ਹੋਰ ਕਿਹਾ ਕਿ ਪਾਰਟੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਪਹੁੰਚ ਕਰ ਕੇ ਮਾਮਲਾ ਚੁੱਕੇਗੀ ਅਤੇ ਯਕੀਨੀ ਬਣਾਵੇਗੀ ਕਿ ਹੋਰ ਬਹੁਤ ਸਾਰੇ ਕੇਸਾਂ ਵਾਂਗੂ ਇਹ ਕੇਸ ਵੀ ਨਿਆਂਪਾਲਿਕਾ ਵੱਲੋਂ ਖਾਰਜ ਕੀਤਾ ਜਾਵੇ।