ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ 55.58 ਫੀਸਦੀ ਹੋਈ ਵੋਟਿੰਗ 

ਚੰਡੀਗੜ੍ਹ, 1 ਜੂਨ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਸ਼ਨੀਵਾਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਈ। ਚੋਣ ਕਮਿਸ਼ਨ ਦੇ ਐਪ ਵੋਟਰਾਂ ਦੀ ਗਿਣਤੀ ਅਨੁਸਾਰ ਸ਼ਾਮ 6 ਵਜੇ ਤੱਕ 55.58 ਫੀਸਦੀ ਵੋਟਿੰਗ ਹੋਈ। ਵੋਟਿੰਗ ਦੇ ਅੰਤਿਮ ਅੰਕੜੇ ਆਉਣੇ ਅਜੇ ਬਾਕੀ ਹਨ। ਦੱਸ ਦੇਈਏ ਕਿ ਪੰਜਾਬ 'ਚ ਵੋਟਿੰਗ ਦੌਰਾਨ ਤਰਨਤਾਰਨ 'ਚ ਬੂਥ 'ਤੇ ਤਾਇਨਾਤ ਪੁਲਸ ਮੁਲਾਜ਼ਮ ਕੁਲਦੀਪ ਸਿੰਘ ਦੀ ਆਪਣੇ ਹੀ ਰਿਵਾਲਵਰ ਨਾਲ ਗੋਲੀ ਲੱਗਣ ਨਾਲ ਮੌਤ ਹੋ ਗਈ। ਕਈ ਥਾਵਾਂ 'ਤੇ ਈਵੀਐਮ ਖਰਾਬ ਹੋਣ ਕਾਰਨ ਵੋਟਿੰਗ 'ਚ ਦੇਰੀ ਹੋਈ। ਜਿਸ ਕਾਰਨ ਲੋਕਾਂ ਨੂੰ ਇੰਨੀ ਗਰਮੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੇਸ਼ ਦੀ ਸਭ ਤੋਂ ਬਜ਼ੁਰਗ ਮਹਿਲਾ ਵੋਟਰ ਨੇ ਫਾਜ਼ਿਲਕਾ ਵਿੱਚ ਆਪਣੀ ਵੋਟ ਪਾਈ ਹੈ। 118 ਸਾਲਾ ਬਜ਼ੁਰਗ ਔਰਤ ਇੰਦਰੋ ਬਾਈ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਘੁਬਾਇਆ ਦੀ ਰਹਿਣ ਵਾਲੀ ਹੈ। ਪ੍ਰਸ਼ਾਸਨ ਦੀ ਟੀਮ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਪੋਸਟਲ ਬੈਲਟ ਰਾਹੀਂ ਵੋਟਿੰਗ ਕਰਵਾਈ। ਦੱਸ ਦੇਈਏ ਕਿ ਉਕਤ ਔਰਤ ਦਾ ਜਨਮ 1906 ‘ਚ ਪਾਕਿਸਤਾਨ ‘ਚ ਹੋਇਆ ਸੀ, ਜਿਸ ਤੋਂ ਬਾਅਦ ਉਹ ਪੰਜਾਬ ਦੇ ਫਾਜ਼ਿਲਕਾ ਵਿੱਚ ਵਸ ਗਈ। ਬਜ਼ੁਰਗ ਔਰਤ ਦੇ ਪਰਿਵਾਰ ਵਿੱਚ 100 ਤੋਂ ਵੱਧ ਲੋਕਾਂ ਦੀ ਲੰਬੀ ਸੂਚੀ ਹੈ। ਪਰ ਪਰਿਵਾਰ ਵਿੱਚ ਨਿਰਾਸ਼ਾ ਹੈ ਕਿ ਪ੍ਰਸ਼ਾਸਨ ਵੱਲੋਂ ਬਜ਼ੁਰਗਾਂ ਨੂੰ ਜੋ ਸਤਿਕਾਰ ਮਿਲਣਾ ਚਾਹੀਦਾ ਸੀ, ਉਹ ਨਹੀਂ ਦਿੱਤਾ ਗਿਆ। ਬਜ਼ੁਰਗ ਔਰਤ ਇੰਦਰੋ ਬਾਈ ਪਤਨੀ ਇੰਦਰ ਸਿੰਘ ਦੇ ਪੋਤਰੇ ਅਵਿਨਾਸ਼ ਸਿੰਘ ਨੇ ਦੱਸਿਆ ਕਿ ਉਸ ਦੀ ਦਾਦੀ ਇੰਦਰੋ ਬਾਈ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ। 1906 ਵਿੱਚ ਜਨਮੀ ਇੰਦਰੋ ਬਾਈ ਅੱਜ 118 ਸਾਲਾਂ ਦੀ ਹੋ ਗਈ ਹੈ। ਪ੍ਰਸ਼ਾਸਨ ਦੀ ਟੀਮ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਬਜ਼ੁਰਗ ਔਰਤ ਨੂੰ ਪੋਸਟਲ ਬੈਲਟ ਰਾਹੀਂ ਵੋਟਿੰਗ ਕਰਵਾਈ। ਅਵਿਨਾਸ਼ ਸਿੰਘ ਨੇ ਦੱਸਿਆ ਕਿ ਇੰਦਰੋ ਬਾਈ ਦੇ 8 ਬੱਚੇ ਹਨ ਅਤੇ 7 ਲੜਕੀਆਂ ਹਨ, ਜਦਕਿ ਬਜ਼ੁਰਗ ਔਰਤ ਦੇ ਲੜਕੇ ਦੀ ਮੌਤ ਹੋ ਚੁੱਕੀ ਹੈ। ਬਜ਼ੁਰਗ ਔਰਤ ਦੇ ਬੱਚਿਆਂ ਦੇ 32 ਤੋਂ ਵੱਧ ਪੋਤੇ-ਪੋਤੀਆਂ ਹਨ, ਜਿਨ੍ਹਾਂ ਦਾ ਵਿਆਹ ਵੀ ਹੋ ਚੁੱਕਾ ਹੈ, ਪਰ ਪ੍ਰਸ਼ਾਸਨ ਵੱਲੋਂ ਬਜ਼ੁਰਗ ਮਹਿਲਾ ਵੋਟਰਾਂ ਨੂੰ ਬਣਦਾ ਮਾਣ-ਸਨਮਾਨ ਨਾ ਮਿਲਣ ਕਾਰਨ ਪਰਿਵਾਰ ‘ਚ ਕਿਤੇ ਨਾ ਕਿਤੇ ਨਿਰਾਸ਼ਾ ਜ਼ਰੂਰ ਹੈ। ਸਵਾਲ ਖੜ੍ਹੇ ਹੁੰਦੇ ਹਨ ਕਿ ਪ੍ਰਸ਼ਾਸਨ ਨੇ 106 ਸਾਲਾ ਸ਼ਿਆਮ ਸਰਨ ਨੇਗੀ ਦਾ ਪੂਰੇ ਸਨਮਾਨ ਨਾਲ ਸਵਾਗਤ ਕੀਤਾ ਅਤੇ ਉਸ ਸਮੇਂ 106 ਸਾਲਾ ਸ਼ਿਆਮ ਸਰਨ ਨੇਗੀ ਲਈ ਵਿਸ਼ੇਸ਼ ਰੈੱਡ ਕਾਰਪੇਟ ਵਿਛਾਇਆ ਗਿਆ, ਜਿਸ ਨੂੰ ਪਹਿਲੇ ਵੋਟਰ ਦੱਸਿਆ ਜਾਂਦਾ ਹੈ। ਦੇਸ਼ ਦੀ 118 ਸਾਲ ਦੀ ਬਜ਼ੁਰਗ ਮਹਿਲਾ ਵੋਟਰ ਇੰਦਰੋ ਬਾਈ ਵੀ ਹੁਣ ਸਨਮਾਨ ਦੀ ਹੱਕਦਾਰ ਹੈ।