ਮਾਨਸਾ, 23 ਮਈ : ਖੇਡ ਵਿਭਾਗ ਵੱਲੋ ਸਾਲ 2023-24 ਦੇ ਸੈਸ਼ਨ ਲਈ ਸਪੋਰਟਸ ਵਿੰਗ (ਡੇ ਸਕਾਲਰ) ਵਿਚ ਸਕੂਲਾਂ ਦੇ ਅੰਡਰ-14, 17 ਅਤੇ 19 ਉਮਰ ਵਰਗ ਦੇ ਖਿਡਾਰੀ/ਖਿਡਾਰਣਾਂ ਦੇ ਦਾਖਲੇ ਲਈ ਐਥਲੈਟਿਕਸ, ਫੁੱਟਬਾਲ, ਜੂਡੋ, ਕੁਸ਼ਤੀ ਅਤੇ ਹੈਡਬਾਲ ਖੇਡਾਂ ਦੇ ਚੋਣ ਟਰਾਇਲ ਬਹੁਮੰਤਵੀ ਖੇਡ ਸਟੇਡੀਅਮ, ਮਾਨਸਾ ਵਿਖੇ 24 ਅਤੇ 25 ਮਈ ਨੂੰ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਗੁਰਮੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਫੁੱਟਬਾਲ ਦੇ ਚੋਣ ਟਰਾਇਲ ਰੈਜ਼ੀਡੈਂਸ਼ੀਅਲ ਵਿੰਗ ਲਈ ਹੋਣਗੇ। ਸਪੋਰਟਸ ਵਿੰਗ ਵਿੱਚ ਦਾਖਲੇ ਲਈ ਟਰਾਇਲ ਦੇਣ ਲਈ ਖਿਡਾਰੀ/ਖਿਡਾਰਣ ਦਾ ਜਨਮ ਅੰਡਰ-14 ਲਈ 1-1-2010, ਅੰਡਰ-17 ਲਈ 1-1-2007 ਅਤੇ ਅੰਡਰ-19 ਲਈ 1-1-2005 ਜਾਂ ਇਸ ਤੋ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਸਰੀਰਿਕ ਅਤੇ ਸਿਹਤ ਪੱਖੋਂ ਫਿੱਟ ਹੋਵੇ। ਖਿਡਾਰੀ ਵੱਲੋ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਿੱਚੋ ਕੋਈ ਇੱਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਕੌਮੀ ਪੱਧਰ ਦੇ ਮੁਕਾਬਲੇ ਵਿੱਚ ਹਿੱਸਾ ਲਿਆ ਹੋਵੇ। ਉਨ੍ਹਾਂ ਦੱਸਿਆ ਕਿ ਯੋਗ ਖਿਡਾਰੀ 24 ਅਤੇ 25 ਮਈ ਨੂੰ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਤਮੰਤਵੀ ਖੇਡ ਸਟੇਡੀਅਮ, ਮਾਨਸਾ ਵਿਖੇ ਸਵੇਰੇ 8 ਵਜੇ ਰਜਿਸਟ੍ਰੇਸ਼ਨ ਲਈ ਜ਼ਿਲ੍ਹਾ ਖੇਡ ਅਫਸਰ, ਮਾਨਸਾ ਨੂੰ ਰਿਪੋਰਟ ਕਰਨ। ਦਾਖਲਾ ਫਾਰਮ ਨਿਰਧਾਰਤ ਮਿਤੀ ਜਾਂ ਇਸ ਤੋ ਪਹਿਲਾਂ ਟਰਾਇਲ ਸਥਾਨ ਉੱਤੇ ਜ਼ਿਲ੍ਹਾ ਖੇਡ ਦਫ਼ਤਰ, ਮਾਨਸਾ ਤੋ ਮੁਫਤ ਲਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੁਣੇ ਗਏ ਰੈਜ਼ੀਡੈਂਸ਼ੀਅਲ ਖਿਡਾਰੀਆਂ ਨੂੰ 200 ਰੁਪਏ ਅਤੇ ਡੇ ਸਕਾਲਰ ਖਿਡਾਰੀਆਂ ਨੂੰ 100 ਰੁਪਏ ਪ੍ਰਤੀ ਖਿਡਾਰੀ ਪ੍ਰਤੀ ਦਿਨ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਟ, ਖੇਡ ਦਾ ਸਮਾਨ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਟਰਾਇਲ ਦੇਣ ਵਾਲੇ ਖਿਡਾਰੀ ਆਪਣਾ ਜਨਮ ਸਰਟੀਫਿਕੇਟ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨਾਂ ਦੀਆ ਫੋਟੋ ਕਾਪੀਆ ਸਮੇਤ 2 ਤਾਜ਼ਾ ਪਾਸਪੋਰਟ ਸਾਇਜ ਫੋਟੋਆਂ ਲੈ ਕੇ ਆਉਣ। ਟਰਾਇਲ ਵਿੱਚ ਭਾਗ ਲੈਣ ਵਾਲੇ ਖਿਡਾਰੀ/ਖਿਡਾਰਣਾਂ ਨੂੰ ਵਿਭਾਗ ਵੱਲੋ ਕੋਈ ਟੀਏ/ਡੀਏ ਨਹੀ ਦਿੱਤਾ ਜਾਵੇਗਾ।