ਪਟਿਆਲਾ, 23 ਮਈ : ਖੇਡ ਵਿਭਾਗ ਪੰਜਾਬ ਵੱਲੋਂ ਸਾਲ 2023-24 ਦੇ ਸੈਸ਼ਨ ਲਈ ਸਕੂਲਾਂ ਦੇ ਸਪੋਰਟਸ ਵਿੰਗ 'ਚ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਸ਼ਾਸ਼ਵਤ ਰਾਜਦਾਨ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਵਿਖੇ ਮਿਤੀ 24 ਤੋਂ 25 ਮਈ ਨੂੰ ਅੰਡਰ 14, ਅੰਡਰ 17 ਅਤੇ ਅੰਡਰ 19 ਗਰੁੱਪ ਵਿੱਚ ਇਹ ਟਰਾਇਲ ਕਰਵਾਏ ਜਾ ਰਹੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ (ਪੋਲੋ ਗਰਾਊਂਡ) ਵਿਖੇ ਅਥਲੈਟਿਕਸ, ਟੇਬਲ ਟੈਨਿਸ, ਵੇਟ ਲਿਫ਼ਟਿੰਗ, ਜਿਮਨਾਸਟਿਕ, ਫੁੱਟਬਾਲ, ਕਬੱਡੀ, ਬਾਸਕਟਬਾਲ, ਹਾਕੀ, ਖੋਹ-ਖੋਹ, ਵਾਲੀਬਾਲ, ਬਾਕਸਿੰਗ, ਜੂਡੋ, ਹੈਡਬਾਲ, ਤੈਰਾਕੀ, ਕੁਸ਼ਤੀ ਅਤੇ ਬੈਡਮਿੰਟਨ ਦੇ ਟਰਾਇਲ 24 ਅਤੇ 25 ਮਈ ਨੂੰ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਪੋਰਟਸ ਵਿੰਗਾਂ ਲਈ ਖਿਡਾਰੀ/ਖਿਡਾਰਨ ਦਾ ਜਨਮ ਅੰਡਰ 14 ਲਈ 1 ਜਨਵਰੀ 2010, ਅੰਡਰ 17 ਲਈ 1 ਜਨਵਰੀ 2007, ਅੰਡਰ 19 ਲਈ 1 ਜਨਵਰੀ 2005 ਜਾਂ ਇਸਤੋਂ ਬਾਅਦ ਦਾ ਹੋਣਾ ਚਾਹੀਦਾ ਹੈ ਅਤੇ ਖਿਡਾਰੀ ਫਿਜੀਕਲੀ ਅਤੇ ਮੈਡੀਕਲੀ ਫਿੱਟ ਹੋਵੇ। ਇਨ੍ਹਾਂ ਚੋਣ ਟਰਾਇਲਾ ਲਈ ਖਿਡਾਰੀ ਨੇ ਜ਼ਿਲ੍ਹਾ ਪੱਧਰੀ ਕੰਪੀਟੀਸ਼ਨਾਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿਚੋ ਕੋਈ ਇੱਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋਂ ਸਟੇਟ ਪੱਧਰ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਹੋਵੇ। ਇਸਤੋਂ ਇਲਾਵਾ ਟਰਾਇਲ ਦੇ ਅਧਾਰ ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਯੋਗ ਖਿਡਾਰੀ ਉਪਰੋਕਤ ਦਰਸਾਈਆਂ ਮਿਤੀਆਂ ਨੂੰ ਸਬੰਧਤ ਟਰਾਇਲ ਸਥਾਨ ਤੇ ਠੀਕ ਸਵੇਰੇ 8 ਵਜੇ ਰਜਿਸਟ੍ਰੇਸਨ ਲਈ ਰਿਪੋਰਟ ਕਰਨ ਅਤੇ ਆਪਣੇ ਨਾਲ ਜਨਮ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਸਮੇਤ ਦੋ ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈਕੇ ਆਉਣ।