ਖੇਲੋ ਇੰਡੀਆ ਯੂਥ ਗੇਮਸ 2023 ਭੁਪਾਲ ਵਿਖੇ ਪੰਜਾਬ ਲੜਕਿਆਂ ਦੀ ਜੂਡੋ ਟੀਮ ਨੇ ਪ੍ਰਾਪਤ ਕੀਤਾ ਤੀਜਾ ਸਥਾਨ

ਭੁਪਾਲ, 11 ਫਰਵਰੀ : ਖੇਲੋ ਇੰਡੀਆ ਯੂਥ ਗੇਮਸ 2023 ਭੁਪਾਲ ਵਿਖੇ ਪੰਜਾਬ ਦੀ ਲੜਕਿਆਂ ਦੀ ਜੂਡੋ ਟੀਮ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਪੰਜਾਬ ਦੀ ਸਰਦਾਰੀ ਦੀ ਲਾਜ ਰੱਖ ਲਈ ਹੈ। ਉਧਰ ਲੜਕੀਆਂ ਦੇ ਗਰੁੱਪ ਵਿੱਚ ਹੁਸ਼ਿਆਰਪੁਰ ਦੀ ਹੋਣਹਾਰ ਜੂਡੋਕਾ ਕਨਵਰਪ੍ਰੀਤ ਕੌਰ +78 ਕਿਲੋ ਭਾਰ ਵਰਗ ਵਿੱਚ ਸਿਲਵਰ ਮੈਡਲ ਜਿੱਤਕੇ ਪੰਜਾਬ ਦਾ ਮਾਣ ਵਧਾਇਆ ਹੈ। ਟੀਮ ਕੋਚ ਰਵੀ ਕੁਮਾਰ ਨਵਦੀਪ ਕੌਰ  ਜੂਡੋ ਕੋਚ ਅਤੇ ਟੀਮ ਮੈਨੇਜਰ ਨਵਜੋਤ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਦੀ ਲੜਕਿਆਂ ਦੀ ਜੂਡੋ ਟੀਮ ਨੂੰ ਬਹੁਤ ਹੀ ਸਖ਼ਤ ਡ੍ਰਾਅ ਵਿਚੋਂ ਦੀ ਲੰਘਣਾ ਪਿਆ ਹੈ। ਸਖ਼ਤ ਮੁਕਾਬਲੇ ਤੋਂ ਬਾਅਦ ਪੰਜਾਬ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਟੀਮ ਟਰਾਫੀ ਪ੍ਰਾਪਤ ਕੀਤੀ ਹੈ। ਪੰਜਾਬ ਜੂਡੋ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਜਰਨਲ ਸਕੱਤਰ ਦੇਵ ਸਿੰਘ ਧਾਲੀਵਾਲ  ਸੁਰਿੰਦਰ ਕੁਮਾਰ ਟੈਕਨੀਕਲ ਸਕੱਤਰ ਨੇ ਖਿਡਾਰੀਆਂ ਦੀ ਸਖ਼ਤ ਮਿਹਨਤ ਨੂੰ ਸਲਾਮ ਕਰਦਿਆਂ ਕਿਹਾ ਕਿ ਇਹਨਾਂ ਖੇਡਾਂ ਵਿਚ ਭਾਗ ਲੈਣ ਲਈ ਖਿਡਾਰੀਆਂ ਨੂੰ ਦੋ ਮੁਕਾਬਲਿਆਂ ਵਿੱਚ ਦੀ ਲੰਘਣਾ ਪਿਆ ਹੈ। ਪਹਿਲਾਂ ਪੰਜਾਬ ਪੱਧਰ ਤੇ ਜਲੰਧਰ ਵਿਖੇ ਨੈਸ਼ਨਲ ਪੱਧਰ ਦੇ  ਭਾਗ ਲੈਣ ਲਈ ਚੋਣ ਟਰਾਇਲਾਂ ਵਿਚ ਭਾਗ ਲੈਣਾ ਪਿਆ। ਫਿਰ ਦਿੱਲੀ ਵਿਖੇ ਖੇਲੋ ਇੰਡੀਆ ਦੇ ਕੁਆਲੀਫਾਈ ਚੋਣ ਟਰਾਇਲਾਂ ਵਿਚ ਹਿੱਸਾ ਲੈ ਕੇ ਆਪਣੇ ਆਪ ਨੂੰ ਹਿੰਦੁਸਤਾਨ ਦੀਆਂ ਪਹਿਲੀਆਂ 12 ਟੀਮਾਂ ਵਿਚ ਸ਼ੁਮਾਰ ਕੀਤਾ।   ਇਸ ਤੀਜੇ ਸਥਾਨ ਤੇ ਮਾਣ ਦਿਵਾਉਣ ਲਈ ਗੁਰਦਾਸਪੁਰ ਦੇ ਗੋਲਡ ਮੈਡਲ ਵਿਜੇਤਾ ਜੂਡੋ ਖਿਡਾਰੀ ਮਹੇਸ਼ ਇੰਦਰ ਸੈਣੀ  ਅਤੇ 60 ਕਿਲੋ ਭਾਰ ਵਰਗ ਵਿੱਚ  ਸਾਗਰ ਸ਼ਰਮਾ ਅਤੇ 73 ਕਿਲੋ ਭਾਰ ਵਰਗ ਚਿਰਾਗ ਸ਼ਰਮਾ ਨੇ ਬਰਾਉਨਜ ਮੈਡਲ  ਜਿੱਤਕੇ ਸ਼ਲਾਘਾਯੋਗ ਭੁਮਿਕਾ ਨਿਭਾਈ ਹੈ। ਖਿਡਾਰੀਆਂ ਨੂੰ ਪੰਜਾਬ ਸਰਕਾਰ ਤੇ ਗਿਲਾ ਹੈ ਕਿ ਉਹਨਾਂ ਨੂੰ  ਪੰਜਾਬ ਦੀ ਮੈਡਲ ਟੈਲੀ ਵਿਚ ਵਾਧਾ  ਕਰਵਾਉਣ  ਲਈ ਆਪਣੀ ਜੇਬ ਵਿਚੋਂ ਹਜ਼ਾਰਾਂ ਰੁਪਏ ਖਰਚਣੇ ਨੇ ਹਨ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪਿਛਲੀਆਂ ਖੇਲੋ ਇੰਡੀਆ ਖੇਡਾਂ 2021 ਪੰਚਕੂਲਾ ਦੀ ਵੀ ਇਨਾਮੀ ਰਾਸ਼ੀ ਨਹੀਂ ਦਿੱਤੀ। ਇਹਨਾਂ ਖੇਡਾਂ ਵਿਚ ਭਾਗ ਲੈਣ ਲਈ ਸਾਰਾ ਖਰਚਾ ਉਹਨਾਂ ਨੂੰ ਆਪਣੀ ਜੇਬ ਵਿਚੋਂ ਕਰਨਾ ਪਿਆ ਹੈ। ਜੇਤੂ ਖਿਡਾਰੀਆਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਯੋਗਤਾ ਅਨੁਸਾਰ ਉਨ੍ਹਾਂ ਨੂੰ ਨੌਕਰੀ ਪ੍ਰਦਾਨ ਕਰੇ। ਇਹ ਵਰਨਣਯੋਗ ਹੈ ਕਿ ਇਹ ਸਾਰੇ ਖਿਡਾਰੀ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਹਨ। ਜੋ ਕਿ ਬਾਰਡਰ ਏਰੀਆ ਦੇ ਗ਼ਰੀਬ ਘਰਾਂ ਨਾਲ ਸਬੰਧਤ ਹਨ। ਬਰਾਉਨਸ ਮੈਡਲ ਜਿੱਤਣ ਵਾਲੇ ਸਾਗਰ ਸ਼ਰਮਾ, ਚਿਰਾਗ ਸ਼ਰਮਾ ਇਕ ਗਰੀਬ ਸਕੂਟਰ ਮਕੈਨਿਕ ਦੇ ਪੁੱਤਰ ਹਨ। ਜੋ ਆਪਣੇ ਬੱਚਿਆਂ ਲਈ ਖਾਧ ਖੁਰਾਕ ਦੇਣ ਦੇ ਲਈ ਪ੍ਰਾਈਵੇਟ ਦੁਕਾਨ ਉਪਰ ਦਿਨ ਰਾਤ ਮਿਹਨਤ ਕਰ ਰਿਹਾ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੀ  ਛੋਟੀ ਉਮਰ ਦੀ ਅੰਤਰਰਾਸ਼ਟਰੀ ਖਿਡਾਰਣ ਕਨਵਰਪ੍ਰੀਤਦੀਪ ਕੌਰ ਤੋਂ ਪੰਜਾਬ ਨੂੰ ਵੱਡੀਆਂ ਆਸਾਂ ਹਨ।