ਕ੍ਰਿਸਟੀਆਨੋ ਰੋਨਾਲਡੋ ਖੇਡੇਗਾ ਏਸ਼ਿਆਈ ਕਲੱਬ ਲਈ, ਸਾਊਦੀ ਅਰਬ ਦੇ ਕਲੱਬ ਅਲ ਨਸ਼ਰ ਨਾਲ ਕੀਤਾ ਕਰਾਰ

ਸਾਊਦੀ ਅਰਬ , 31 ਦਸੰਬਰ : ਪੁਰਤਗਾਲ ਫੁੱਟਬਾਲ ਟੀਮ ਦੇ ਕਪਤਾਨ ਕ੍ਰਿਸਟੀਆਨੋ ਰੋਨਾਲਡੋ ਨੇ ਸਾਊਦੀ ਅਰਬ ਦੇ ਕਲੱਬ ਅਲ ਨਸ਼ਰ ਨਾਲ ਢਾਈ ਸਾਲ ਦਾ ਕਰਾਰ ਕੀਤਾ ਹੈ। ਇਸ ਨਾਲ ਉਹ ਦੁਨੀਆ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਯੂਰਪ ਵਿੱਚ ਕਈ ਸਾਲ ਖੇਡਣ ਤੋਂ ਬਾਅਦ ਉਹ ਹੁਣ ਇੱਕ ਏਸ਼ਿਆਈ ਕਲੱਬ ਲਈ ਖੇਡੇਗਾ। ਰੋਨਾਲਡੋ ਦਾ ਆਪਣੇ ਸਾਬਕਾ ਕਲੱਬ ਮਾਨਚੈਸਟਰ ਯੂਨਾਈਟਿਡ ਨਾਲ ਕਰਾਰ ਖ਼ਤਮ ਹੋਣ ਤੋਂ ਬਾਅਦ ਉਸ ਦੇ ਭਵਿੱਖ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਜਿਸ ਨੂੰ ਰੋਨਾਲਡੋ ਨੇ ਹੁਣ ਖ਼ਤਮ ਕਰ ਦਿੱਤਾ ਹੈ। 37 ਸਾਲਾ ਰੋਨਾਲਡੋ ਨੇ 2025 ਤੱਕ ਅਲ ਨਸਰ ਦੇ ਨਾਲ ਗੱਠਜੋੜ ਕੀਤਾ ਹੈ। ਉਸ ਨੇ 200 ਮਿਲੀਅਨ ਯੂਰੋ (1775 ਕਰੋੜ ਰੁਪਏ) ਤੋਂ ਵੱਧ ਦੇ ਇਕਰਾਰਨਾਮੇ ‘ਤੇ ਦਸਤਖਤ ਕੀਤੇ ਹਨ। ਫੁਟਬਾਲ ਕਲੱਬ ਅਲ ਨਸਰ ਨੇ ਸੌਦੇ ਦੇ ਵੇਰਵੇ ਦਾ ਖ਼ੁਲਾਸਾ ਨਹੀਂ ਕੀਤਾ| ਪਰ ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਰੋਨਾਲਡੋ ਨੇ “200 ਮਿਲੀਅਨ ਯੂਰੋ ਤੋਂ ਵੱਧ ਇੱਕ ਸੌਦੇ ‘ਤੇ ਦਸਤਖਤ ਕੀਤੇ ਹਨ। ਰੋਨਾਲਡੋ ਦੇ ਸ਼ਾਮਲ ਹੋਣ ਨਾਲ ਅਲ ਨਸਰ ਦੀ ਟੀਮ ਮਜ਼ਬੂਤ ​​ਹੋਵੇਗੀ। ਕਲੱਬ ਨੇ ਨੌਂ ਸਾਊਦੀ ਪ੍ਰੋ ਲੀਗ ਖ਼ਿਤਾਬ ਜਿੱਤੇ ਹਨ ਅਤੇ ਉਸ ਦੀ ਨਜ਼ਰ ਦਸਵੀਂ ਟਰਾਫੀ ‘ਤੇ ਹੋਵੇਗੀ। ਇਹ ਕਲੱਬ ਆਖ਼ਰੀ ਵਾਰ 2019 ਵਿੱਚ ਲੀਗ ਦਾ ਚੈਂਪੀਅਨ ਬਣਿਆ ਸੀ। ਅਲ ਨਸਰ ਦੀ ਟੀਮ ਵੀ ਹੁਣ ਪਹਿਲੀ ਵਾਰ ਏਐਫਸੀ ਚੈਂਪੀਅਨਜ਼ ਲੀਗ ਜਿੱਤਣ ਦੀ ਉਮੀਦ ਕਰੇਗੀ।