- ਗੋਪੀ ਮਹੌਲੀ ਸਰਵੋਤਮ ਰੇਡਰ ਅਤੇ ਸੁੱਖਾ ਘਲੋਟੀ ਸਰਵੋਤਮ ਜਾਫੀ ਬਣਿਆ
ਖੰਨਾ, 25 ਫਰਵਰੀ : ਪੰਜਾਬ ਦੀ ਟੀਮ ਨੇ ਹਰਿਆਣਾ ਨੂੰ ਹਰਾ ਕੇ 12ਵਾਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਜਿੱਤਿਆ। ਪੰਜਾਬ ਭਰ ਵਿੱਚੋਂ ਚੁਣ ਕੇ ਉੱਭਰਦੀਆਂ ਖਿਡਾਰੀਆਂ ਦੀਆਂ ਬਣਾਈਆਂ ਅੱਠ ਟੀਮਾਂ ਦੇ ਮੁਕਾਬਲੇ ਵਿੱਚ ਕਡਿਆਣਾ ਨੇ ਰੇਰੂ ਸਾਹਿਬ ਨੰਦਪੁਰ ਨੂੰ ਹਰਾ ਕੇ ਕੱਪ ਜਿੱਤਿਆ। ਇਨ੍ਹਾਂ ਟੀਮਾਂ ਦੇ ਮੁਕਾਬਲਿਆਂ ਵਿੱਚ ਗੋਪੀ ਮਹੌਲੀ ਸਰਵੋਤਮ ਰੇਡਰ ਅਤੇ ਸੁੱਖਾ ਘਲੋਟੀ ਸਰਵੋਤਮ ਜਾਫੀ ਬਣਿਆ। ਕਬੱਡੀ ਕੱਪ ਦੇ ਸ਼ੋਅ ਮੈਚ ਵਿੱਚ ਪੰਜਾਬ ਨੇ ਹਰਿਆਣਾ ਨੂੰ 9 ਅੰਕਾਂ ਦੇ ਫਰਕ ਨਾਲ ਹਰਾ ਕੇ ਇੱਕ ਲੱਖ ਰੁਪਏ ਦਾ ਇਨਾਮ ਜਿੱਤਿਆ। ਹਰਿਆਣਾ ਦੀ ਟੀਮ ਨੂੰ 75 ਹਜ਼ਾਰ ਰੁਪਏ ਦਾ ਇਨਾਮ ਮਿਲਿਆ।ਉਭਰਦੀਆਂ ਅੱਠ ਟੀਮਾਂ ਦੇ ਹੋਏ ਮੁਕਾਬਲਿਆਂ ਵਿੱਚ ਕਡਿਆਣਾ ਨੇ ਫ਼ਾਈਨਲ ਮੁਕਾਬਲੇ ਵਿੱਚ ਰੇਰੂ ਸਾਹਿਬ ਨੰਦਪੁਰ 32-15 ਨਾਲ ਹਰਾ ਕੇ ਕੱਪ ਜਿੱਤਿਆ। ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਅਤੇ ਉਪ ਜੇਤੂ ਟੀਮ ਨੂੰ 41 ਹਜ਼ਾਰ ਰੁਪਏ ਦੇ ਨਗਦ ਇਨਾਮ ਅਤੇ ਟਰਾਫੀਆਂ ਨਾਲ ਸਨਮਾਨਤ ਕੀਤਾ।ਗੋਪੀ ਮਹੌਲੀ ਸਰਵੋਤਮ ਰੇਡਰ ਅਤੇ ਸੁੱਖਾ ਘਲੋਟੀ ਸਰਵੋਤਮ ਜਾਫੀ ਬਣਿਆ ਜਿਨ੍ਹਾਂ ਨੂੰ ਐਲ.ਸੀ.ਡੀ. ਨਾਲ ਸਨਮਾਨਤ ਕੀਤਾ। ਇਸ ਤੋਂ ਪਹਿਲਾਂ ਸੈਮੀ ਫ਼ਾਈਨਲ ਮੁਕਾਬਲਿਆਂ ਵਿੱਚ ਕਡਿਆਣਾ ਨੇ ਸਿੱਧਵਾਂ ਬੇਟ ਨੂੰ 29-19 ਅਤੇ ਰੇਰੂ ਸਾਹਿਬ ਨੰਦਪੁਰ ਨੇ ਰਾਣਾ ਕਬੱਡੀ ਕਲੱਬ ਖੱਟੜਾ ਨੂੰ 34-30 ਨਾਲ ਹਰਾ ਕੇ ਫ਼ਾਈਨਲ ਵਿੱਚ ਜਗ੍ਹਾਂ ਹਾਸਲ ਕੀਤੀ ਸੀ। ਹਰਮਨ ਖੱਟੜਾ ਸਪੋਰਟਸ ਕਲੱਬ ਵੱਲੋਂ ਹਰ ਸਾਲ ਪਿੰਡ ਖੱਟੜਾ ਵਿਖੇ ਕਰਵਾਏ ਜਾਂਦੇ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਵਿੱਚ ਸ਼ਿਰਕਤ ਕਰਦਿਆਂ ਖੰਨਾ ਤੋਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨੇ ਫ਼ਾਈਨਲ ਮੈਚ ਦੀਆਂ ਟੀਮਾਂ ਕਢਿਆਣਾ ਤੇ ਨੰਦਪੁਰ ਦੇ ਖਿਡਾਰੀਆਂ ਨੂੰ ਮਿਲ ਕੇ ਸ਼ੁਰੂਆਤ ਕਰਵਾਈ। ਵਿਧਾਇਕ ਸ੍ਰੀ ਸੌਂਦ ਨੇ ਹਰ ਸਾਲ ਕਰਵਾਏ ਜਾਂਦੇ ਇਸ ਕੱਪ ਦੀ ਤਾਰੀਫ ਕਰਦਿਆਂ ਕਿਹਾ ਕਿ ਮੁੱਖ ਪ੍ਰਬੰਧਕ ਦਲਮੇਘ ਸਿੰਘ ਵਧਾਈ ਦੇ ਪਾਤਰ ਹਨ ਜਿਹੜੇ ਮਾਂ ਖੇਡ ਕਬੱਡੀ ਨੂੰ ਉਪਰ ਚੁੱਕਣ ਅਤੇ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਣ ਲਈ ਨਿਰੰਤਰ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੱਟੜਾ ਵਿਖੇ ਕਬੱਡੀ ਦੀ ਖੇਡ ਨਰਸਰੀ ਸਥਾਪਤ ਕਰੇਗੀ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸਾਬਕਾ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ। ਇਸ ਮੌਕੇ ਜਗਦੇਵ ਸਿੰਘ ਖੱਟੜਾ, ਮਨਸਾ ਸਿੰਘ ਕੋਚ, ਪਰਗਟ ਸਿੰਘ, ਵਿਸ਼ਵ ਕੱਪ ਜੇਤੂ ਕਬੱਡੀ ਖਿਡਾਰੀ ਗੋਪੀ ਮਾਣਕੀ, ਜਾਇੰਟ ਡਾਇਰੈਕਟਰ ਲੋਕ ਸੰਪਰਕ ਰਣਦੀਪ ਸਿੰਘ ਆਹਲੂਵਾਲੀਆ, ਸੁਰਜੀਤ ਸਿੰਘ ਗਿੱਲ ਡੀਪੀਈ, ਖੇਡ ਲੇਖਕ ਨਵਦੀਪ ਸਿੰਘ ਗਿੱਲ, ਸਿੰਮੀ ਖੱਟੜਾ, ਮਨੀ ਖੱਟੜਾ, ਬਲਜੀਤ ਸਿੰਘ, ਸੇਵਾ ਸਿੰਘ, ਗੁਰਵੀਰ ਸਿੰਘ ਪਨਾਗ, ਹੈਪੀ ਜਰਗੜੀ, ਮੇਜਰ ਸਿੰਘ ਆਦਿ ਹਾਜ਼ਰ ਸਨ।