ਹਰਿਆਣਾ ਪੁਲਿਸ ਦੇ ਜਬਰ ਕਾਰਨ ਖਨੌਰੀ ਬਾਰਡਰ 'ਤੇ ਬਠਿੰਡਾ ਦਾ ਨੌਜਵਾਨ ਸ਼ਹੀਦ

  • ਸ਼ੁਭਕਰਨ ਦੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਅਸੀਂ ਪਰਚਾ ਦਰਜ ਕਰਾਂਗੇ : ਮੁੱਖ ਮੰਤਰੀ ਭਗਵੰਤ ਮਾਨ 
  • ਹਰਿਆਣਾ ਪੁਲਿਸ ਨੇ ਉਲਟਾ ਕਿਸਾਨਾਂ ਤੇ ਲਾਇਆ ਹਿੰਸਾ ਦਾ ਦੋਸ਼, ਕਿਹਾ- ਪਰਾਲੀ ਦੇ ਧੂੰਏ ਚ ਪਾਈਆਂ ਮਿਰਚਾਂ
  • ਪਹਿਲੀ ਨਜ਼ਰੇ ਤਾਂ ਇੰਝ ਲੱਗ ਰਿਹਾ ਕਿ, ਨੌਜਵਾਨ ਕਿਸਾਨ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ : ਡਾਕਟਰ
  • ਗੁਰਮੀਤ ਸਿੰਘ ਖੁੱਡੀਆਂ ਵੱਲੋਂ ਖਨੌਰੀ ਬਾਰਡਰ ‘ਤੇ ਕਿਸਾਨ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ 
  • ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ਸਰਕਾਰ ਐਮਰਜੈਂਸੀ ਸਹੂਲਤਾਂ ਲਈ ਪੂਰੀ ਤਰ੍ਹਾਂ ਤਿਆਰ
  • ਨਿਹੱਥੇ ਕਿਸਾਨਾਂ ਤੇ ਗੋਲੀਆਂ ਚਲਾਉਣਾ ਬਹੁਤ ਹੀ ਘਟੀਆ ਕੰਮ ਹੈ : ਜੌੜਾਮਾਜਰਾ 

ਖਨੌਰੀ ਬਾਰਡਰ, 21 ਫਰਵਰੀ : ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਕੂਚ ਕਰਨ ਦੇ ਮੰਤਵ ਨਾਲ ਖਨੌਰੀ ਬਾਰਡਰ ਤੇ ਪੁੱਜੇ ਕਿਸਾਨਾਂ ’ਚ ਸ਼ਾਮਲ ਬਠਿੰਡਾ ਜਿਲ੍ਹੇ ਦੇ ਪਿੰਡ ਬੱਲ੍ਹੋ ਦਾ ਨੌਜਵਾਨ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ ਹੈ।ਸ਼ੁਭਕਰਨ ਸਿੰਘ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਸੁਭਕਰਨ ਦੀ ਮੌਤ ਕਾਰਨ ਪਿੰਡ ਅਤੇ ਪੰਜਾਬ ’ਚ ਗਮ ਅਤੇ ਗੁੱਸੇ ਦਾ ਮਹੌਲ ਬਣ ਗਿਆ ਹੈ। ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਮੌਤ ਹੈ ਜਿਸ ਨੂੰ ਹਰਿਆਣਾ ਸਰਕਾਰ ਅਤੇ ਉੱਥੋਂ ਦੇ ਪੁਲਿਸ ਪ੍ਰ੍ਰਸ਼ਾਸ਼ਨ ਕਾਰਨ ਹੋਈ ਮੌਤ ਕਰਾਰ ਦਿੱਤਾ ਗਿਆ ਹੈ।ਮ੍ਰਿਤਕ ਕਿਸਾਨ ਦੇ ਸਿਰ ਤੇ ਸੱਟ ਦਾ ਨਿਸ਼ਾਨ ਲੱਗਿਆ ਹੋਇਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸ਼ਭਕਰਨ ਸਿੰਘ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਲਈ ਤਿੰਨ ਚਾਰ ਦਿਨ ਪਹਿਲਾਂ ਖਨੌਰੀ ਬਾਰਡਰ ਤੇ ਗਿਆ ਸੀ। ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ  ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚ ਲਿਆਂਉਣ ਉਪਰੰਤ ਪ੍ਰੀਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ। ਮ੍ਰਿਤਕ ਕਿਸਾਨ ਸਿਰਫ ਤਿੰਨ ਏਕੜ ਜਮੀਨ ਦਾ ਮਾਲਕ  ਅਤੇ ਸਿਰ ਕਰਜਾ ਵੀ ਸੀ। ਕਿਸਾਨ ਜੱਥੇਬੰਦੀਆਂ ਨੇ ਮ੍ਰਿਤਕ ਕਿਸਾਨ ਦਾ ਕਰਜਾ ਮੁਆਫ ਕਰਨ ਅਤੇ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਗਈ ਹੈ। ਸੀਨੀਅਰ ਕਾਂਗਰਸੀਆਗੂ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਫੇਸਬੁੱਕ ਪੇਜ ਤੇ ਸ਼ਭਕਰਨ ਸਿੰਘ ਦੀ ਮੌਤ  ਪ੍ਰਤੀ ਫਿਕਰ ਜਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਹਰਿਆਣਾ ਪੁਲਿਸ ਪੰਜਾਬ ਦੀ ਹੱਦ ਅੰਦਰ ਦਾਖਲ ਹੋਕੇ ਕਿਸਾਨਾਂ ਤੇ ਬੇਰਹਿਮੀ ਨਾਲ ਹਮਲੇ ਕਰ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾਹੈ ਕਿ ਉਹ ਚੁੱਪ ਕਿੳਂ ਹਨ। ਕੀ ਉਨ੍ਹਾਂ ਤੇ ਪੰਜਾਬ ਦੇ ਲੋਕਾਂ ਦੀ ਹਿਫਾਜ਼ਤ ਦੀ ਜਿੰਮੇਵਾਰੀ ਨਹੀਂ ਬਣਦੀ ਹੈ।

ਪਹਿਲੀ ਨਜ਼ਰੇ ਤਾਂ ਇੰਝ ਲੱਗ ਰਿਹਾ ਕਿ, ਨੌਜਵਾਨ ਕਿਸਾਨ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ : ਡਾਕਟਰ
ਸ਼ੁਭਕਰਮਨ ਦੀ ਲਾਸ਼ ਨੂੰ ਰਾਜਿੰਦਰ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ਲਿਆਂਦਾ ਗਿਆ ਹੈ। ਸ਼ੁਭਕਰਮਨ ਤੋਂ ਇਲਾਵਾ 12 ਹੋਰ ਕਿਸਾਨ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਤੇ ਰਜਿੰਦਰਾ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ, ਪਹਿਲੀ ਨਜ਼ਰੇ ਤਾਂ ਇੰਝ ਲੱਗ ਰਿਹਾ ਕਿ, ਨੌਜਵਾਨ ਕਿਸਾਨ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ, ਪਰ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। 

ਹਰਿਆਣਾ ਪੁਲਿਸ ਨੇ ਉਲਟਾ ਕਿਸਾਨਾਂ ਤੇ ਲਾਇਆ ਹਿੰਸਾ ਦਾ ਦੋਸ਼, ਕਿਹਾ- ਪਰਾਲੀ ਦੇ ਧੂੰਏ ਚ ਪਾਈਆਂ ਮਿਰਚਾਂ
ਹਰਿਆਣਾ ਪੁਲਿਸ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਜਿਸ 'ਚ ਉਨ੍ਹਾਂ ਕਿਹਾ ਕਿ, "ਦਾਤਾ ਸਿੰਘ-ਖਨੌਰੀ ਬਾਰਡਰ 'ਤੇ ਧਰਨਾਕਾਰੀਆਂ ਨੇ ਨਾੜ ਅੱਗ ਲੈ ਕੇ ਉਸ 'ਚ ਮਿਰਚਾਂ ਦਾ ਪਾਊਡਰ ਪਾ ਕੇ ਪੁਲਿਸ ਨੂੰ ਚਾਰੋਂ ਪਾਸਿਓਂ ਘੇਰ ਲਿਆ, ਪਥਰਾਅ ਕਰਨ ਦੇ ਨਾਲ-ਨਾਲ ਪੁਲਿਸ ਮੁਲਾਜ਼ਮਾਂ 'ਤੇ ਲਾਠੀਆਂ ਅਤੇ ਡੰਡਿਆਂ ਦੀ ਵਰਤੋਂ ਕੀਤੀ, ਜਿਸ ਕਾਰਨ 12 ਦੇ ਕਰੀਬ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ, ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।"

ਸ਼ੁਭਕਰਨ ਦੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਅਸੀਂ ਪਰਚਾ ਦਰਜ ਕਰਾਂਗੇ : ਮੁੱਖ ਮੰਤਰੀ ਭਗਵੰਤ ਮਾਨ 
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਪੁਲੀਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ। ਜਿਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸ਼ੁਭਕਰਨ ਦੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਅਸੀਂ ਪਰਚਾ ਦਰਜ ਕਰਾਂਗੇ। ਜੋ ਵੀ ਅਧਿਕਾਰੀ ਜ਼ਿੰਮੇਵਾਰ ਹੋਇਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਮੈਨੂੰ ਦੁਖ ਹੈ ਕਿ ਮੇਰੇ ਸੂਬੇ ਦਾ ਨੌਜਵਾਨ ਦੁਨੀਆ ਵਿਚ ਨਹੀਂ ਰਿਹਾ, ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ, ਲੜਾਈ ਸਾਡੀ ਕੇਂਦਰ ਸਰਕਾਰ ਨਾਲ ਹੈ, ਫਿਰ ਹਰਿਆਣਾ ਕਿਸਾਨਾਂ ਨੂੰ ਕਿਉਂ ਰੋਕ ਰਿਹਾ ? ਸ਼ੁਭਰਕਣ ਦੇ ਪਰਿਵਾਰ ਨਾਲ ਖੜ੍ਹਾ ਹੋਵਾਂਗਾ, ਆਰਥਿਕ ਤੇ ਸਮਾਜਿਕ ਤੌਰ ਤੇ ਖੜ੍ਹਾ ਹੋਵਾਂਗਾ। ਕਾਨੂੰਨ ਵਿਵਸਥਾ ਹਰਿਆਣਾ ਪੁਲਿਸ ਖਰਾਬ ਕਰ ਰਹੀ ਹੈ।


ਗੁਰਮੀਤ ਸਿੰਘ ਖੁੱਡੀਆਂ ਵੱਲੋਂ ਖਨੌਰੀ ਬਾਰਡਰ ‘ਤੇ ਕਿਸਾਨ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ 
ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਖਨੌਰੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਖ਼ਿਲਾਫ਼ ਹਰਿਆਣਾ ਪੁਲਿਸ ਦੀ ਕਥਿਤ ਬੇਰਹਿਮ ਕਾਰਵਾਈ ਵਿੱਚ ਇੱਕ ਨੌਜਵਾਨ ਕਿਸਾਨ ਦੀ ਮੌਤ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਪੁਲੀਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ। ਖੁੱਡੀਆਂ ਨੇ ਕਿਹਾ ਕਿ ਆਪਣੇ ਹੀ ਨਾਗਰਿਕਾਂ ਵਿਰੁੱਧ ਅਜਿਹੀ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਉਨ੍ਹਾਂ ਨੇ ਇਸ ਜਬਰ ਨੂੰ ਰੋਕਣ ਲਈ ਕੇਂਦਰ ਸਰਕਾਰ ਨੂੰ ਤੁਰੰਤ ਦਖ਼ਲ ਦੇਣ ਲਈ ਅਪੀਲ ਕੀਤੀ ਹੈ। ਖੇਤੀਬਾੜੀ ਮੰਤਰੀ ਨੇ ਅਪੀਲ ਕੀਤੀ ਕਿ ਕੇਂਦਰ ਸਰਕਾਰ ਨੂੰ ਤੁਰੰਤ ਅੱਗੇ ਆਉਣਾ ਚਾਹੀਦਾ ਹੈ ਅਤੇ ਸਾਡੇ 'ਅੰਨਦਾਤਾ' ਵਿਰੁੱਧ ਹਰਿਆਣਾ ਪੁਲਿਸ ਦੇ ਬੇਰਹਿਮੀ ਵਾਲੇ ਵਤੀਰੇ ਨੂੰ ਰੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਜਮਹੂਰੀ ਮੁਲਕ ਦੇ ਕਿਸਾਨ ਆਪਣੀਆਂ ਮੰਗਾਂ ਲਈ ਸ਼ਾਂਤੀਪੂਰਵਕ ਢੰਗ ਨਾਲ ਸੰਘਰਸ਼ ਕਰ ਰਹੇ ਹਨ ਅਤੇ ਹਰਿਆਣਾ ਵੱਲੋਂ ਉਨ੍ਹਾਂ ਨਾਲ ਕੀਤਾ ਜਾ ਰਿਹਾ ਸਲੂਕ ਅਤਿ-ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤੀਪੂਰਵਕ ਤਰੀਕੇ ਨਾਲ ਆਵਾਜ਼ ਉਠਾ ਰਹੇ ਇਹ ਕਿਸਾਨ ਸਨਮਾਨ ਅਤੇ ਸੁਰੱਖਿਆ ਦੇ ਹੱਕਦਾਰ ਹਨ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਦੇ ਨਿਵਾਸੀ ਹੋਣ ਦੇ ਨਾਤੇ, ਕਿਸਾਨਾਂ ਨਾਲ ਇਸ ਤਰ੍ਹਾਂ ਦਾ ਬੇਰਹਿਮੀ ਵਾਲਾ ਵਤੀਰਾ ਨਹੀਂ ਕਰਨਾ ਚਾਹੀਦਾ। ਖੁੱਡੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦੋਹਰੇ ਮਾਪਦੰਡ ਸਥਿਤੀ ਨੂੰ ਹੋਰ ਖ਼ਰਾਬ ਕਰ ਰਹੇ ਹਨ। ਇੱਕ ਪਾਸੇਂ ਜਿੱਥੇ ਕੇਂਦਰੀ ਖੇਤੀਬਾੜੀ ਮੰਤਰੀ ਅੰਦੋਲਨਕਾਰੀ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦੇ ਰਹੇ ਹਨ, ਉੱਥੇ ਹੀ ਦੂਜੇ ਪਾਸੇ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਵੱਲੋਂ ਪੁਲਿਸ ਫੋਰਸ ਰਾਹੀਂ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਆਪਾਵਿਰੋਧੀ ਪਹੁੰਚ ਇਸ ਖਿੱਤੇ ਵਿੱਚ ਲੰਬੀ ਘਾਲਣਾ ਬਾਅਦ ਆਈ ਸ਼ਾਂਤੀ ਲਈ ਖ਼ਤਰਾ ਪੈਦਾ ਕਰ ਸਕਦੀ ਹੈ ਅਤੇ ਲੋਕਤੰਤਰ ਵਿੱਚ ਸਿਰਜੋੜ ਕੇ ਮਸਲੇ ਦਾ ਹੱਲ ਕੱਢਣ ਦੀ ਭਾਵਨਾ ਨੂੰ ਕਮਜ਼ੋਰ ਕਰਦੀ ਹੈ। ਗੁਰਮੀਤ ਸਿੰਘ ਖੁੱਡੀਆਂ ਨੇ ਜ਼ਿਲ੍ਹਾ ਬਠਿੰਡਾ ਦੇ ਮ੍ਰਿਤਕ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਅਤੇ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ। ਸ. ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਸੂਬਾ ਪ੍ਰਸ਼ਾਸਨ ਕਿਸਾਨਾਂ ਦੀ ਭਲਾਈ ਲਈ ਦਿੜ੍ਹ ਵਚਨਬੱਧ ਹੈ ਅਤੇ ਇਹ ਸਾਡੀ ਪ੍ਰਮੁੱਖ ਤਰਜੀਹ ਹੈ।

ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ਸਰਕਾਰ ਐਮਰਜੈਂਸੀ ਸਹੂਲਤਾਂ ਲਈ ਪੂਰੀ ਤਰ੍ਹਾਂ ਤਿਆਰ
ਪੰਜਾਬ ਦੇ  ਹਜ਼ਾਰਾਂ ਹੀ ਕਿਸਾਨ ਆਪਣੇ ਟਰੈਕਟਰ-ਟਰਾਲੀਆਂ ਲੈ ਕੇ ਸ਼ੰਭੂ ਸਰਹੱਦ ‘ਤੇ ਖੜ੍ਹੇ ਹਨ। ਅੱਜ ਕਿਸਾਨਾਂ ਨੇ ਮਾਰਚ ਕਰਨ ਦਾ ਐਲਾਨ ਕੀਤਾ ਸੀ, ਜਿਸ ਕਾਰਨ ਸ਼ੰਭੂ ਸਰਹੱਦ ‘ਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਕਿਉਂਕਿ ਹਰਿਆਣਾ ਸਰਕਾਰ ਅਤੇ ਕਿਸਾਨ ਇਸ ਵੇਲੇ ਆਹਮੋ-ਸਾਹਮਣੇ ਹਨ। ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਉਹਨਾਂ ਤੇ ਅੱਥੂਰ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ।  ਇਸ ਸਾਰੇ ਘਟਨਾਕ੍ਰਮ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਚੌਕਸ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੀ ਸੜਕ ਸੁਰੱਖਿਆ ਫੋਰਸ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਐਮਰਜੈਂਸੀ ਸਹੂਲਤਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਸਰਹੱਦ ‘ਤੇ ਐਸਐਸਐਫ ਦੀਆਂ 5 ਤੋਂ ਵੱਧ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੰਜਾਬ-ਹਰਿਆਣਾ ਸਰਹੱਦ ‘ਤੇ ਵੱਡੀ ਗਿਣਤੀ ‘ਚ ਐਂਬੂਲੈਂਸਾਂ ਤਾਇਨਾਤ ਹਨ। ਕਿਸਾਨਾਂ ਦੀ ਸਹੂਲਤ ਲਈ ਉਥੇ ਪਾਣੀ ਦੇ ਟੈਂਕਰਾਂ ਅਤੇ ਪਖਾਨਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਰਹੱਦ ਦੇ ਨੇੜੇ ਦੇ ਸਾਰੇ ਹਸਪਤਾਲਾਂ ਵਿੱਚ ਸੇਵਾਵਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ ਅਤੇ ਡਾਕਟਰਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ।

ਨਿਹੱਥੇ ਕਿਸਾਨਾਂ ਤੇ ਗੋਲੀਆਂ ਚਲਾਉਣਾ ਬਹੁਤ ਹੀ ਘਟੀਆ ਕੰਮ ਹੈ : ਜੌੜਾਮਾਜਰਾ 
ਪੰਜਾਬ ਸਰਕਾਰ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਇਸ ਘਟਨਾ ਦੀ ਜਿਥੇ ਨਿੰਦਾ ਕੀਤੀ, ਉਥੇ ਹੀ ਕਿਹਾ ਕਿ, ਇਹ ਸ਼ਰੇਆਮ ਅੱਤਿਆਚਾਰ ਹੈ। ਜੌੜਾਮਾਜਰਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ, ਨਿਹੱਥੇ ਕਿਸਾਨਾਂ ਤੇ ਗੋਲੀਆਂ ਚਲਾਉਣਾ ਬਹੁਤ ਹੀ ਘਟੀਆ ਕੰਮ ਹੈ। ਜੌੜਾਮਾਜਰਾ ਦੇ ਆਪ ਦੇ ਬੁਲਾਰਿਆਂ ਨੇ ਕਿਹਾ ਕਿ, ਆਮ ਆਦਮੀ ਪਾਰਟੀ ਇਸ ਤਰ੍ਹਾ ਦੀ ਕਿਸੇ ਵੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ, ਹਰਿਆਣਾ ਪੁਲਿਸ ਨੇ ਖਨੌਰੀ ਸਰਹੱਦ 'ਤੇ ਕਿਸਾਨ ਦੀ ਮੌਤ ਨੂੰ ਅਫਵਾਹ ਕਰਾਰ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਦੋ ਪੁਲਸ ਕਰਮਚਾਰੀ ਅਤੇ ਇਕ ਪ੍ਰਦਰਸ਼ਨਕਾਰੀ ਜ਼ਖਮੀ ਹੋਏ ਹਨ। ਜੀਂਦ ਦੇ ਐਸਪੀ ਸੁਮਿਤ ਕੁਮਾਰ ਨੇ ਦੱਸਿਆ ਕਿ ਫਿਲਹਾਲ ਕਿਸੇ ਕਿਸਾਨ ਦੀ ਮੌਤ ਨਹੀਂ ਹੋਈ ਹੈ। ਇੱਕ ਕਿਸਾਨ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਕਿਸਾਨਾਂ ਨੇ ਪੁਲਿਸ 'ਤੇ ਤਲਵਾਰਾਂ ਅਤੇ ਡਾਂਗਾਂ ਨਾਲ ਹਮਲਾ ਵੀ ਕੀਤਾ ਹੈ। ਹੁਣ ਤੱਕ ਕਰੀਬ 10 ਪੁਲਿਸ ਵਾਲੇ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ।