5 ਫਰਵਰੀ ਤਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਹਨੇਰੀ, ਬਾਰਿਸ਼ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ : ਮੌਸਮ ਵਿਭਾਗ

ਚੰਡੀਗੜ੍ਹ, 02 ਫਰਵਰੀ : ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਅੰਮ੍ਰਿਤਸਰ ’ਚ ਘੱਟੋ ਘੱਟ ਤਾਪਮਾਨ ਸਭ ਤੋਂ ਘੱਟ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਵੱਧ ਤੋਂ ਵੱਧ ਤਾਪਮਾਨ 19.1 ਡਿਗਰੀ ਸੈਲਸੀਅਸ ਰਿਹਾ। ਉੱਥੇ ਚੰਡੀਗੜ੍ਹ ’ਚ ਘੱਟੋ ਘੱਟ ਤਾਪਮਾਨ 7.0 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 20.1 ਡਿਗਰੀ ਸੈਲਸੀਅਸ ਰਿਹਾ। ਉੱਥੇ ਲੁਧਿਆਣਾ ’ਚ ਘੱਟੋ ਘੱਟ ਤਾਪਮਾਨ 6.6 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 19.9 ਡਿਗਰੀ ਰਿਹਾ। ਇਸੇ ਤਰ੍ਹਾਂ ਪਟਿਆਲਾ ’ਚ ਘੱਟੋ ਘੱਟ ਤਾਪਮਾਨ 7.6 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 19.8 ਡਿਗਰੀ ਸੀ। ਪਠਾਨਕੋਟ ’ਚ ਘੱਟੋ ਘੱਟ ਤਾਪਮਾਨ 5.8 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 20.8 ਡਿਗਰੀ ਸੀ। ਜਦਕਿ ਜਲੰਧਰ ’ਚ ਘੱਟੋ ਘੱਟ ਤਾਪਮਾਨ 6.9 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 17.5 ਡਿਗਰੀ ਰਿਹਾ। ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ’ਚ ਘੱਟੋ ਘੱਟ ਤਾਪਮਾਨ 8 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 17 ਤੋਂ 18 ਡਿਗਰੀ ਸੈਲਸੀਅਸ ਦਰਮਿਆਨ ਸੀ। ਦੂਜੇ ਪਾਸੇ ਮੌਸਮ ਵਿਭਾਗ ਤੇ ਤਾਜ਼ਾ ਅਨੁਮਾਨ ਮੁਤਾਬਕ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਅੱਜ ਤੋਂ ਤਿੰਨ ਦਿਨ ਤਕ 5 ਫਰਵਰੀ ਤਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਹਨੇਰੀ, ਬਾਰਿਸ਼ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਵਿਭਾਗ ਦੇ ਅਨੁਮਾਨ ਮੁਤਾਬਕ ਅੱਜ ਪੰਜਾਬ ਦੇ ਕੁਝ ਥਾਵਾਂ ’ਤੇ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ। ਜਦਕਿ ਚਾਰ ਫਰਵਰੀ ਨੂੰ ਜ਼ਿਆਦਾਤਰ ਥਾਵਾਂ ’ਤੇ ਮੱਧਮ ਤੋਂ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਹੀ ਸਥਿਤੀ ਪੰਜ ਫਰਵਰੀ ਨੂੰ ਵੀ ਰਹੇਗੀ। ਇਸ ਦੌਰਾਨ ਘੱਟੋ ਘੱਟ ਤਾਪਮਾਨ ’ਚ ਕੋਈ ਵੱਡਾ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ। ਪਰ ਹਨੇਰੀ ਤੇ ਬਾਰਿਸ਼ ਕਾਰਨ ਦਿਨ ਦੇ ਤਾਪਮਾਨ ’ਚ ਪੰਜ ਤੋਂ ਸੱਤ ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ। ਮੌਸਮ ਵਿਗਿਆਨੀਆਂ ਨੇ ਖ਼ਰਾਬ ਮੌਸਮ ਦੀ ਸੰਭਾਵਨਾ ਨੂੰ ਦੇਖਦਿਆਂ ਲੋਕਾਂ ਨੂੰ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ। ਲੰਬੀ ਯਾਤਰਾ ਕਰਨ ਤੋਂ ਬਚਣ ਲਈ ਕਿਹਾ ਹੈ।