ਵਹੀਕਲਾਂ ਵਾਂਗੂ ਡਰੋਨਾਂ ਦੀ ਵੀ ਰਜਿਸਟਰੇਸ਼ਨ ਹੋਣੀ ਚਾਹੀਦੀ ਹੈ : ਮੁੱਖ ਮੰਤਰੀ ਮਾਨ 

ਚੰਡੀਗੜ੍ਹ, 30 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂ ਖੁਲਾਸਾ ਕਰਦਿਆਂ ਕਿਹਾ ਕਿ, ਇਧਰੋਂ ਭਾਰਤ ਵਾਲੇ ਪਾਸਿਓਂ ਵੀ ਪਾਕਿਸਤਾਨ ਵੱਲ ਨੂੰ ਡਰੋਨ ਜਾਂਦੇ ਹਨ। ਭਗਵੰਤ ਮਾਨ ਨੇ ਆਪਣੇ ਬਿਆਨ ਵਿਚ ਕਿਹਾ ਕਿ, ਨਸ਼ਾ ਲੈਣ ਲਈ ਇਹ ਡਰੋਨ ਪਾਕਿਸਤਾਨ ਜਾਂਦੇ ਹਨ ਅਤੇ ਪਾਕਿਸਤਾਨ ਤੋਂ ਨਸ਼ਾ ਭਰ ਕੇ ਡਰੋਨ ਭਾਰਤ ਲਿਆਉਂਦੇ ਹਨ। ਮਾਨ ਨੇ ਕਿਹਾ ਕਿ, ਵਹੀਕਲਾਂ ਵਾਂਗੂ ਡਰੋਨਾਂ ਦੀ ਵੀ ਰਜਿਸਟਰੇਸ਼ਨ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ, ਡਰੋਨ ਦੀ ਰਜਿਸਟਰੇਸ਼ਨ ਦੇ ਨਾਲ ਹੀ ਡਰੋਨ ਮਾਲਕਾਂ ਦਾ ਪਤਾ ਲੱਗ ਸਕੇਗਾ। ਮਾਨ ਨੇ ਕਿਹਾ ਕਿ, ਦੋ ਤਿੰਨ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਭਾਰਤ ਵਾਲੇ ਪਾਸਿਓਂ ਡਰੋਨ ਪਾਕਿਸਤਾਨ ਜਾਂਦਾ ਹੈ ਅਤੇ ਨਸ਼ਾ ਲੈ ਕੇ ਵਾਪਸ ਆਉਂਦਾ, ਜਿਨ੍ਹਾਂ ਨੂੰ ਸਾਡੀਆਂ ਸੁਰੱਖਿਆ ਫੋਰਸਾਂ ਅਤੇ ਪੁਲਿਸ ਫੜ ਵੀ ਲੈਂਦੀ ਹੈ, ਪਰ ਗਿਆ ਤਾਂ ਡਰੋਨ ਇਧਰੋਂ ਹੀ ਨਾ... ਇਸ ਲਈ ਗ੍ਰਹਿ ਮੰਤਰਾਲੇ ਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ ਡਰੋਨਾਂ ਦੀ ਵੀ ਰਜਿਸਟਰੇਸ਼ਨ ਕਰਨੀ ਚਾਹੀਦੀ ਹੈ।