ਮਾਛੀਵਾੜਾ ਸਾਹਿਬ ਨੇੜੇ ਵਾਪਰੇ ਦਰਦਨਾਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ

ਮਾਛੀਵਾੜਾ ਸਾਹਿਬ, 05 ਜੂਨ : ਸਥਾਨਕ ਸ਼ਹਿਰ ਤੋਂ ਸਮਰਾਲਾ ਨੂੰ ਜਾਂਦੀ ਸੜਕ ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਹਰਸ਼ਦੀਪ ਸਿੰਘ ਤੇ ਉਸਦਾ ਦੋਸਤ ਗੁਰਵਿੰਦਰ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਸਮਰਾਲਾ ਸਾਇਡ ਤੋਂ ਮਾਛੀਵਾੜਾ ਸਾਹਿਬ ਨੂੰ ਜਾ ਰਹੇ ਸਨ ਕਿ ਉਨ੍ਹਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ਕਾਰਨ ਉਹ ਦੋਵੇਂ ਨੌਜਵਾਨ ਗੰਭੀਰ ਜਖ਼ਮੀ ਹੋ ਗਏ। ਰਾਹਗੀਂਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਮੌਕੇ ਤੇ ਪੁੱਜੇ ਏਐਸਆਈ ਪਵਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੌਕੇ ਤੇ ਪੁੱਜੇ ਉਸ ਸਮੇਂ ਤੱਕ ਦੋਵੇਂ ਨੌਜਵਾਨਾਂ ਹਰਸ਼ਦੀਪ ਸਿੰਘ (24) ਵਾਸੀ ਸੈਂਸੋਵਾਲ ਕਲਾਂ ਤੇ ਗੁਰਵਿੰਦਰ ਸਿੰਘ (20) ਉਰਫ਼ ਰਵੀ ਵਾਸੀ ਰਹੀਮਾਬਾਦ ਖੁਰਦ ਦੀ ਮੌਤ ਹੋ ਚੁੱਕੀ ਸੀ। ਪੁਲਿਸ ਵਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਜਦਕਿ ਅਣਪਛਾਤੇ ਵਾਹਨ ਤੇ ਉਸਦੇ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਨੌਜਵਾਨ ਹਰਸ਼ਦੀਪ ਸਿੰਘ ਵਿਆਹਿਆ ਹੋਇਆ ਸੀ, ਜਦਕਿ ਗੁਰਵਿੰਦਰ ਸਿੰਘ ਅਜੇ ਕੁਆਰਾ ਸੀ। ਮਾਪੇ ਉਸਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ। ਦੋਵੇਂ ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਤੇ ਅਚਨਚੇਤ ਮੌਤ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਕਾਫ਼ੀ ਸਦਮਾ ਲੱਗਿਆ। ਇਨ੍ਹਾਂ ਦੋਵਾਂ ਨੌਜਵਾਨਾਂ ਦੀ ਮੌਤ ਕਾਰਨ ਪਿੰਡ ਸੈਂਸੋਵਾਲ ਕਲਾਂ ਅਤੇ ਰਹੀਮਾਬਾਦ ਖੁਰਦ ਵਿਚ ਵੀ ਸੋਗ ਦੀ ਲਹਿਰ ਛਾਈ ਹੋਈ ਸੀ।