ਰੇਲ ਕੋਚ ਫੈਕਟਰੀ ਕਪੂਰਥਲਾ ਨੇੜੇ ਟਰੱਕ ਨੇ ਆਟੋ ਨੂੰ ਮਾਰੀ ਟੱਕਰ, 2 ਦੀ ਮੌਤ, 3 ਜ਼ਖਮੀ

ਕਪੂਰਥਲਾ, 4 ਜੁਲਾਈ : ਕਪੂਰਥਲਾ ਵਿਚ ਰੇਲ ਕੋਚ ਫੈਕਟਰੀ ਦੇ ਨਜਦੀਕ ਇੱਕ ਟਰੱਕ ਦੀ ਲਪੇਟ ਵਿਚ ਆਉਣ ਨਾਲ ਦੋ ਔਰਤਾਂ ਦੀ ਮੌਤ ਹੋ ਗਈ ਤੇ ਤਿੰਨ ਜ਼ਖਮੀ ਹੋ ਗਏ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਲੋਕ ਸੜਕ ਕਿਨਾਰੇ ਖੜ੍ਹੇ ਸਨ ਤੇ ਕਪੂਰਥਲਾ ਜਾਣ ਲਈ ਆਟੋ ਰਿਕਸ਼ਾ ਦਾ ਇੰਤਜ਼ਾਰ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਦਵਿੰਦਰ ਕੌਰ (57) ਤੇ ਰਮਨਦੀਪ ਕੌਰ (26) ਵਜੋਂ ਹੋਈ ਹੈ। ਜ਼ਖਮੀ ਔਰਤਾਂ ਦੀ ਪਛਾਣ 37 ਸਾਲਾ ਅਨੁਦੱਤਾ ਤੇ 20 ਸਾਲਾ ਪੂਨਮ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਨੂੰ ਇਲਾਜ ਲਈ ਲਾਲਾ ਲਾਜਪਤ ਰਾਏ ਹਸਪਤਾਲ ਵਿਚ ਭਰਤੀ ਕਰਵਾਇਆ। ਜਿਥੋਂ ਉਨ੍ਹਾਂ ਨੂੰ ਜਲੰਧਰ ਦੇ ਹਸਪਤਾਲ ਲਿਆਂਦਾ ਗਿਆ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪਰ ਪੁਲਿਸ ਨੇ ਵਾਹਨ ਨੂੰ ਜ਼ਬਤ ਕਰ ਲਿਆ। ਘਟਨਾ ਦੁਪਹਿਰ ਸਾਢੇ 3 ਵਜੇ ਦੀ ਦੱਸੀ ਜਾ ਰਹੀ ਹੈ। ਆਟੋ ਚਾਲਕ ਆਪਣੇ ਆਟੋ ਵਿਚ ਸਵਾਰੀਆਂ ਬਿਠਾ ਰਿਹਾ ਸੀ ਕਿ ਉਦੋਂ ਸੁਲਤਾਨਪੁਰ ਲੋਧੀ ਵੱਲੋਂ ਆ ਰਹੇ 10 ਟਾਇਰਾਂ ਵਾਲੇ ਟਰੱਕ ਨੇ ਆਟੋ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਦੋ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਤੇ ਮੁਲਜ਼ਮ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ।