''ਲੈਟਰ ਟੂ ਸੀਐਮ'' ਗੀਤ ਰਾਹੀਂ ਗਾਇਕਾ ਜੈਨੀ ਜੌਹਲ ਨੇ ਮੁੱਖ ਮੰਤਰੀ ਭਗਵੰਤ ਨੂੰ ਕੀਤੇ ਸਵਾਲ

ਚੰਗੜ੍ਹ : ਪੰਜਾਬੀ ਗਾਇਕ ਜੈਨੀ ਜੌਹਲ ਵੱਲੋਂ ਆਪਣਾ ਨਵਾਂ ਗੀਤ ’ਲੈਟਰ ਟੂ ਸੀਐਮ’ ਕਰਕੇ ਚਰਚਾ ਵਿੱਚ ਹੈ। ਗਾਇਕਾ ਵੱਲੋਂ ਇਸ ਗੀਤ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਨੂੰ ਲੈ ਕੇ ਸੰਬੋਧਨ ਕਰਦਿਆਂ ਸਵਾਲ ਜਵਾਬ ਕੀਤੇ ਗਏ ਹਨ। ਗਾਇਕਾ ਜੌਹਲ ਦੇ ਇਸ ਗੀਤ ਦੇ ਬੋਲ ’ਘਰ ਸਾਡੇ ਵੈਨ ਪਏ, ਗੂੰਜਣ ਤੁਹਾਡੇ ਘਰ ਸ਼ਹਿਨਾਈਆਂ’ ਹਨ, ਜੋ ਮੁੱਖ ਮੰਤਰੀ ਮਾਨ ਅਤੇ ਆਪ ਪਾਰਟੀ ਨੂੰ ਸਿੱਧਾ ਚੋਟ ਕਰਦਾ ਹੈ।  ਗਾਇਕਾ ਜੈਨੀ ਜੌਹਲ ਵੱਲੋਂ ਇਸ ਗੀਤ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਵਾਲੇ ਪੱਤਰ ਨੂੰ ਜਨਤਕ ਕਰਨ ਬਾਰੇ ਵੀ ਸਵਾਲ ਕੀਤਾ ਹੈ ਅਤੇ ਨਾਲ ਹੀ ਜਿਸ ਆਦਮੀ ਦੇ ਵੱਲੋਂ ਸਭ ਤੋਂ ਪਹਿਲਾਂ ਇਸ ਪੱਤਰ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਗਿਆ, ਉਹਦੇ ਖਿਲਾਫ਼ ਕਾਰਵਾਈ ਨਾ ਹੋਣ ਦੀ ਗੱਲ ਕਹੀ ਗਈ ਹੈ। ਗੀਤ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਬਿਮਾਰ ਹੋਣ ਅਤੇ ਮੁੱਖ ਮੰਤਰੀ ਵੱਲੋਂ ਗੁਜਰਾਤ ਵਿੱਚ ਜਾ ਕੀਤੀਆਂ ਜਾ ਰਹੀਆਂ ਰੈਲੀਆਂ ਬਾਰੇ ਵੀ ਸਵਾਲ ਖੜ੍ਹਾ ਕੀਤਾ ਹੈ। ਗੀਤ ’ਚ ਸਰਕਾਰ ਦੇ ਨਾਲ ਨਾਲ ਪੰਜਾਬ ਪੁਲਿਸ ਤੇ ਵੀ ਚੋਟ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ, ਸੋਸ਼ਲ ਮੀਡੀਆ ਪਲੇਟਫ਼ਾਰਮਾਂ ’ਤੇ ਇਸ ਗੀਤ ਉੱਤੇ ਸੈਂਕੜੇ ਲੋਕਾਂ ਦੀਆਂ ਟਿੱਪਣੀਆਂ ਆ ਰਹੀਆਂ ਹਨ। ਹੁਣ ਤੱਕ ਇਸ ਗੀਤ ਨੂੰ ਯੂ-ਟਿਊਬ ’ਤੇ ਹਜ਼ਾਰਾਂ ਲੋਕ ਵੇਖ ਚੁੱਕੇ ਹਨ। ਭਾਵੇਂ ਹੁਣ ਤੱਕ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ, ਉਨ੍ਹਾਂ ਦੇ ਵੱਲੋਂ ਮੂਸੇਵਾਲਾ ਕਤਲ ਕੇਸ ਦੇ ਕਰੀਬ 23 ਮੁਲਜ਼ਮ ਫੜ ਲਏ ਗਏ ਹਨ, ਪਰ ਕੁੱਝ ਦੋਸ਼ੀ ਹਾਲੇ ਵੀ ਗ੍ਰਿਫਤ ਵਿਚੋਂ ਬਾਹਰ ਹਨ।